
ਦੋਹਾਂ ਮੁਲਕਾਂ ਦੇ ਗ੍ਰਹਿ ਤੇ ਵਿਦੇਸ਼ ਮੰਤਰਾਲੇ ਕਰਨਗੇ ਸ਼ਿਰਕਤ ...
ਨਵੀਂ ਦਿੱਲੀ- ਭਾਰਤ ਅਤੇ ਪਾਕਿਸਤਾਨ ਵੱਲੋਂ ਕਰਤਾਰਪੁਰ ਲਾਂਘੇ ਦੇ ਲਾਂਘੇ ਨੂੰ ਅੰਤਿਮ ਛੋਹ ਮਿਲਣ ਜਾ ਰਹੀ ਹੈ ਜਿਸਦੇ ਮੱਦੇਨਜ਼ਰ ਦੋਹਾਂ ਦੇਸ਼ਾਂ ਵਿਚਕਾਰ ਮੀਟਿੰਗ ਹੋਵੇਗੀ। ਦੋਹਾਂ ਮੁਲਕਾਂ ਵਿਚ ਹੋਣ ਵਾਲੀ ਇਹ ਬੈਠਕ ਅੰਮ੍ਰਿਤਸਰ ਦੇ ਨਜ਼ਦੀਕ ਅਟਾਰੀ ਵਿਖੇ ਹੋਵੇਗੀ। ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਦੋਹਾਂ ਮੁਲਕਾਂ ਦੇ ਗ੍ਰਹਿ ਤੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਇਸ ਬੈਠਕ ਵਿਚ ਹਿੱਸਾ ਲੈਣਗੇ।
ਦੱਸ ਦੇਈਏ ਕਿ ਪੁਲਵਾਮਾ ਹਮਲੇ ਤੋਂ ਮਹੀਨਾ ਬਾਅਦ ਹੋ ਰਹੀ ਹੈ ਬੈਠਕ ਦੋਹਾਂ ਮੁਲਕਾਂ ਲਈ ਬਹੁਤ ਅਹਿਮ ਹੈ। ਸੂਤਰਾਂ ਮੁਤਾਬਿਕ ਇਹ ਜਾਣਕਾਰੀ ਪ੍ਰਾਪਤ ਹੋਈ ਹੈ ਕਿ 14 ਮਾਰਚ ਨੂੰ ਹੋਣ ਵਾਲੀ ਬੈਠਕ ਵਿਚ ਕਰਤਾਰਪੁਰ ਲਾਂਘੇ ਦੇ ਪ੍ਰੋਜੈਕਟ ਬਾਰੇ ਤਕਨੀਕੀ ਪੱਧਰ ਦੀ ਚਰਚਾ ਹੋਵੇਗੀ। ਬੇਸ਼ੱਕ ਪਿਛਲੇ ਇੱਕ ਮਹੀਨੇ ਦੌਰਾਨ ਭਾਰਤ ਅਤੇ ਪਾਕਿਸਤਾਨ ਦੇ ਬਾਰਡਰ 'ਤੇ ਤਣਾਅ ਵੱਧ ਗਿਆ ਹੈ ਪਰ ਇਸ ਸਭ ਦੇ ਵਿਚ ਕਰਤਾਰਪੁਰ ਲਾਂਘੇ ਦੇ ਕੰਮ ਵਿਚ ਕੋਈ ਰੁਕਾਵਟ ਪੈਦਾ ਨਹੀਂ ਹੋਈ।
ਪੁਲਵਾਮਾ ਵਿਚ ਹੋਏ ਦਹਿਸ਼ਤੀ ਹਮਲੇ ਬਾਅਦ ਦੋਵਾਂ ਮੁਲਕਾਂ ਦਰਮਿਆਨ ਟਕਰਾਅ ਦੇ ਚਲਦਿਆਂ ਕਸ਼ੀਦਗੀ ਸਿਖਰ 'ਤੇ ਹੈ। ਇਸੇ ਦਰਮਿਆਨ ਦੋਵਾਂ ਮੁਲਕਾਂ ਦੇ ਅਧਿਕਾਰੀਆਂ ਵਿਚਾਲੇ ਹੋ ਰਹੀ ਇਸ ਮੀਟਿੰਗ ਦੌਰਾਨ ਕਰਤਾਰਪੁਰ ਲਾਂਘੇ ਲਈ ਤਿਆਰ ਸਮਝੌਤੇ ਦੇ ਖਰੜੇ 'ਤੇ ਚਰਚਾ ਕੀਤੀ ਜਾਵੇਗੀ।
ਦੱਸ ਦੇਈਏ ਕਿ ਪਾਕਿਸਤਾਨ ਵੱਲੋਂ ਕਰਤਾਰਪੁਰ ਲਾਂਘੇ ਦਾ ਕੰਮ 40 ਫ਼ੀਸਦੀ ਤੋਂ ਵੱਧ ਪੂਰਾ ਕਰ ਲਿਆ ਗਿਆ ਹੈ ਅਤੇ ਭਾਰਤ ਸਰਕਾਰ ਵੱਲੋਂ ਇਸ ਕੰਮ ਵਿਚ ਤੇਜ਼ੀ ਦਿਖਾਈ ਜਾ ਰਹੀ ਹੈ | ਹੁਣ ਦੇਖਣਾ ਇਹ ਹੈ ਕਿ ਇਸ ਮੀਟਿੰਗ ਵਿਚ ਹੋਰ ਕੀ ਅਹਿਮ ਫੈਸਲੇ ਲਏ ਜਾਂਦੇ ਹਨ ਅਤੇ ਦੋਹਾਂ ਮੁਲਕਾਂ ਵੱਲੋਂ ਕਰਤਾਰਪੁਰ ਸਾਹਿਬ ਲਾਂਘੇ ਦਾ ਕੰਮ ਕਦੋ ਤੱਕ ਮੁਕੰਮਲ ਕੀਤਾ ਜਾਵੇਗਾ |