
ਚਾਰ ਮੈਂਬਰ ਗ੍ਰਿਫ਼ਤਾਰ; ਵਿਸਫੋਟਕ ਵੀ ਬਰਾਮਦ
Punjabi Lane IED blast: ਮੇਘਾਲਿਆ ਪੁਲਿਸ ਨੇ ਮੰਗਲਵਾਰ ਨੂੰ ਰੀ-ਭੋਈ ਜ਼ਿਲ੍ਹੇ ਵਿਚ ਚਾਰ ਲੋਕਾਂ ਨੂੰ ਗ੍ਰਿਫਤਾਰ ਕਰਕੇ ਪਾਬੰਦੀਸ਼ੁਦਾ ਹਾਈਨੀਵਟਰੈਪ ਨੈਸ਼ਨਲ ਲਿਬਰੇਸ਼ਨ ਕੌਂਸਲ (ਐਚਐਨਐਲਸੀ) ਦੇ ਇਕ 'ਸਲੀਪਰ ਸੈੱਲ' ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਵਿਚੋਂ ਇਕ ਵਿਸਫੋਟਕ ਯੰਤਰ (ਆਈਈਡੀ) ਵੀ ਬਰਾਮਦ ਕੀਤਾ ਹੈ।
ਪੁਲਿਸ ਨੂੰ ਸ਼ੱਕ ਹੈ ਕਿ ਗ੍ਰਿਫਤਾਰ ਕੀਤੇ ਗਏ ਚਾਰ ਵਿਅਕਤੀ 9 ਮਾਰਚ ਨੂੰ ਸ਼ਹਿਰ ਦੇ ਪੰਜਾਬੀ ਲੇਨ ਖੇਤਰ ਵਿਚ ਆਈਈਡੀ ਲਗਾਉਣ ਅਤੇ ਧਮਾਕੇ ਕਰਨ ਵਿਚ ਸ਼ਾਮਲ ਸਨ। ਇਸ ਧਮਾਕੇ ਵਿਚ ਇਕ ਵਿਅਕਤੀ ਜ਼ਖਮੀ ਹੋ ਗਿਆ ਸੀ। ਰੀ-ਭੋਈ ਜ਼ਿਲ੍ਹੇ ਦੇ ਪੁਲਿਸ ਸੁਪਰਡੈਂਟ ਜਗਪਾਲ ਧਨੋਆ ਸਿੰਘ ਨੇ ਪੀਟੀਆਈ ਨੂੰ ਦਸਿਆ, 'ਰੀ-ਭੋਈ ਜ਼ਿਲ੍ਹੇ ਵਿਚ ਚਾਰ ਲੋਕਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ, ਮੇਘਾਲਿਆ ਪੁਲਿਸ ਪਾਬੰਦੀਸ਼ੁਦਾ ਐਚਐਨਐਲਸੀ ਦੁਆਰਾ ਇਕ ਹੋਰ ਆਈਈਡੀ ਧਮਾਕੇ ਦੀ ਕੋਸ਼ਿਸ਼ ਨੂੰ ਨਾਕਾਮ ਕਰਨ ਵਿਚ ਕਾਮਯਾਬ ਰਹੀ।'
ਪੁਲਿਸ ਨੇ ਸੋਮਵਾਰ ਸ਼ਾਮ ਕਰੀਬ 6 ਵਜੇ ਇਨ੍ਹਾਂ ਲੋਕਾਂ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਜਦੋਂ ਦਮਨਭਾ ਰਿਪਨਰ ਨਾਂ ਦਾ ਵਿਅਕਤੀ ਇਕ ਪਿਕਅੱਪ ਟਰੱਕ ਦੇ ਅੰਦਰ ਆਈਈਡੀ ਛੁਪਾ ਕੇ ਲਿਜਾ ਰਿਹਾ ਸੀ। ਅਧਿਕਾਰੀ ਨੇ ਦਸਿਆ ਕਿ ਰਿਪਨਾਰ ਨੂੰ ਉਮਸਿੰਗ-ਮਾਵਤੀ ਰੋਡ 'ਤੇ ਹਿਰਾਸਤ 'ਚ ਲਿਆ ਗਿਆ ਸੀ ਅਤੇ ਉਸ ਦੇ ਵਾਹਨ ਤੋਂ ਆਈਈਡੀ ਬਰਾਮਦ ਕੀਤੀ ਗਈ ਸੀ।
ਰਿਪਨਾਰ ਦੀ ਗ੍ਰਿਫ਼ਤਾਰੀ ਦੇ ਨਾਲ ਹੀ ਜ਼ਿਲ੍ਹੇ ਦੇ ਉਮਸਿੰਗ ਅਤੇ ਨੋਂਗਪੋਹ ਸ਼ਹਿਰ ਤੋਂ ਤਿੰਨ ਹੋਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਚਾਰੇ ਪਾਬੰਦੀਸ਼ੁਦਾ HNLC ਦੇ ਸਰਗਰਮ 'ਸਲੀਪਰ ਸੈੱਲ' ਹਨ। ਅਧਿਕਾਰੀ ਨੇ ਦਸਿਆ ਕਿ ਇਹ ਸਲੀਪਰ ਸੈੱਲ ਬੰਗਲਾਦੇਸ਼ ਦੇ ਪਾਬੰਦੀਸ਼ੁਦਾ ਐਚਐਨਐਲਸੀ ਭਗੌੜਿਆਂ ਤੋਂ ਨਿਰਦੇਸ਼ ਲੈਂਦਾ ਹੈ।
ਪੁਲਿਸ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਦਮਨਭਾ ਰਿਪਨਾਰ ਉਰਫ਼ ਸ਼ੈਲ ਲਪਾਂਗ, ਰੋਬਿਨਿਸ ਰਿਪਨਾਰ, ਜਿਲ ਤਾਰਿਯਾਂਗ ਅਤੇ ਸ਼ਾਈਨਿੰਗ ਨੌਂਗਰੂਮ ਵਜੋਂ ਹੋਈ ਹੈ। ਪੁਲਿਸ ਨੇ ਦਸਿਆ ਕਿ ਉਨ੍ਹਾਂ ਦੇ ਕਬਜ਼ੇ 'ਚੋਂ 15 ਜੈਲੇਟਿਨ ਸਟਿਕਸ, 167 ਸਪਲਿੰਟਰ (ਆਈਈਡੀ ਦੇ ਅੰਦਰ ਖੋਲ), ਇਕ ਫਿਊਜ਼ ਤਾਰ ਅਤੇ ਤਿੰਨ ਗੈਰ-ਇਲੈਕਟ੍ਰਿਕ ਡੈਟੋਨੇਟਰ ਅਤੇ ਪੰਜ ਮੋਬਾਈਲ ਫ਼ੋਨ ਬਰਾਮਦ ਕੀਤੇ ਗਏ ਹਨ। ਪੁਲਿਸ ਨੇ ਇਸ ਸਬੰਧ ਵਿਚ ਨੌਂਪੋਹ ਥਾਣੇ ਵਿਚ ਮਾਮਲਾ ਦਰਜ ਕਰ ਲਿਆ ਹੈ।
(For more Punjabi news apart from Meghalaya Police busts sleeper cell in punjabi lane blast case, stay tuned to Rozana Spokesman)