
ਇਹ ਨਹੀਂ ਦਸਿਆ ਕਿ ਉਹ ਕਿਸ ਹਲਕੇ ਤੋਂ, ਕਿਸ ਸੂਬੇ ਤੋਂ ਅਤੇ ਕਿਸ ਪਾਰਟੀ ਦੀ ਟਿਕਟ ’ਤੇ ਚੋਣ ਲੜਨਗੇ
ਕੋਲਕਾਤਾ: ਪਛਮੀ ਬੰਗਾਲ ਦੀ ਆਸਨਸੋਲ ਸੀਟ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਵਲੋਂ ਲੋਕ ਸਭਾ ਚੋਣਾਂ ਲਈ ਅਪਣੇ ਉਮੀਦਵਾਰ ਦੇ ਐਲਾਨ ਤੋਂ ਇਕ ਦਿਨ ਬਾਅਦ ਭੋਜਪੁਰੀ ਗਾਇਕ-ਅਦਾਕਾਰ ਪਵਨ ਸਿੰਘ ਨੇ ਬੁਧਵਾਰ ਨੂੰ ਅਪਣਾ ਰੁਖ ਬਦਲਦਿਆਂ ਕਿਹਾ ਕਿ ਉਹ ਅਪਣੀ ਮਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਨ ਲਈ ਚੋਣ ਲੜਨਗੇ।
ਹਾਲਾਂਕਿ, ਪਵਨ ਸਿੰਘ ਨੇ ਇਹ ਨਹੀਂ ਦਸਿਆ ਕਿ ਉਹ ਕਿਸ ਹਲਕੇ ਤੋਂ, ਕਿਸ ਸੂਬੇ ਤੋਂ ਅਤੇ ਕਿਸ ਪਾਰਟੀ ਦੀ ਟਿਕਟ ’ਤੇ ਚੋਣ ਲੜਨਗੇ। ਉਨ੍ਹਾਂ ਕਿਹਾ, ‘‘ਮੈਂ ਅਪਣੀ ਮਾਂ, ਸਮਾਜ ਅਤੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਚੋਣਾਂ ਲੜਾਂਗਾ। ਮੈਂ ਸਾਰਿਆਂ ਤੋਂ ਆਸ਼ੀਰਵਾਦ ਅਤੇ ਸਹਿਯੋਗ ਚਾਹੁੰਦਾ ਹਾਂ।’’
ਹਾਲਾਂਕਿ, ਪਵਨ ਸਿੰਘ ਨੇ ਆਸਨਸੋਲ ਤੋਂ ਚੋਣ ਨਾ ਲੜਨ ਦੇ ਅਪਣੇ ਫੈਸਲੇ ਦੇ ਪਿੱਛੇ ਦਾ ਕਾਰਨ ਨਹੀਂ ਦਸਿਆ। ਪਵਨ ਸਿੰਘ ਦੀ ਉਮੀਦਵਾਰੀ ਦੀ ਤ੍ਰਿਣਮੂਲ ਕਾਂਗਰਸ ਨੇ ਆਲੋਚਨਾ ਕੀਤੀ ਸੀ ਅਤੇ ਦੋਸ਼ ਲਾਇਆ ਸੀ ਕਿ ਉਨ੍ਹਾਂ ਦੇ ਕੁੱਝ ਗੀਤਾਂ ਵਿਚ ਔਰਤਾਂ ਬਾਰੇ ਅਸ਼ਲੀਲ ਟਿਪਣੀਆਂ ਕੀਤੀਆਂ ਗਈਆਂ ਹਨ।
ਭਾਜਪਾ ਨੇ ਅਦਾਕਾਰ ਤੋਂ ਸਿਆਸਤਦਾਨ ਬਣੇ ਸ਼ਤਰੂਘਨ ਸਿਨਹਾ ਦੇ ਵਿਰੁਧ ਪਵਨ ਸਿੰਘ ਨੂੰ ਮੈਦਾਨ ’ਚ ਉਤਾਰਿਆ ਸੀ, ਜੋ ਆਸਨਸੋਲ ਤੋਂ ਤ੍ਰਿਣਮੂਲ ਕਾਂਗਰਸ ਦੇ ਮੌਜੂਦਾ ਸੰਸਦ ਮੈਂਬਰ ਹਨ।