
ਪੀੜਤ ਨੇ 3.6 ਲੱਖ ਰੁਪਏ ਦੀ ਮਾਸਿਕ ਆਮਦਨ ਦੇ ਆਧਾਰ ’ਤੇ ਕੀਤਾ ਸੀ ਮੁਆਵਜ਼ੇ ਦਾ ਦਾਅਵਾ
ਠਾਣੇ: ਠਾਣੇ ਵਿਚ ਮੋਟਰ ਐਕਸੀਡੈਂਟ ਕਲੇਮਜ਼ ਟ੍ਰਿਬਿਊਨਲ (ਐਮਏਸੀਟੀ) ਨੇ 2019 ’ਚ ਇਕ ਬੱਸ ਹਾਦਸੇ ਵਿਚ ਅਪਣਾ ਇਕ ਹੱਥ ਗੁਆਉਣ ਵਾਲੇ ਇਕ ਵਿਅਕਤੀ ਨੂੰ 1.39 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਦਿਤਾ ਹੈ। ਐਮਏਸੀਟੀ ਦੇ ਚੇਅਰਮੈਨ ਐਸ.ਬੀ.ਅਗਰਵਾਲ ਨੇ 10 ਮਾਰਚ ਦੇ ਅਪਣੇ ਹੁਕਮ ਵਿਚ ਹਾਦਸੇ ਲਈ ਬੱਸ ਡਰਾਈਵਰ ਦੀ ਲਾਪਰਵਾਹੀ ਨੂੰ ਜ਼ਿੰਮੇਵਾਰ ਠਹਿਰਾਇਆ।
ਟ੍ਰਿਬਿਊਨਲ ਨੇ ਵਾਹਨ ਦੇ ਬੀਮਾਕਰਤਾ ਨੂੰ ਮੁੱਖ ਤੌਰ ’ਤੇ ਜ਼ਿੰਮੇਵਾਰ ਠਹਿਰਾਇਆ ਅਤੇ ਉਸਨੂੰ ਬੱਸ ਮਾਲਕ ਤੋਂ ਮੁਆਵਜ਼ਾ ਰਕਮ ਵਸੂਲਣ ਦੀ ਆਗਿਆ ਦਿਤੀ।
ਪਟੀਸ਼ਨਕਰਤਾ ਮਹੇਸ਼ ਲਾਲਚੰਦ ਮਖੀਜਾ (ਉਸ ਸਮੇਂ 51 ਸਾਲ) ਨੇ ਟ੍ਰਿਬਿਊਨਲ ਨੂੰ ਦਸਿਆ ਕਿ 16 ਦਸੰਬਰ, 2019 ਨੂੰ, ਉਹ ਇਕ ਨਿਜੀ ਲਗਜ਼ਰੀ ਬੱਸ ਵਿਚ ਯਾਤਰਾ ਕਰ ਰਿਹਾ ਸੀ। ਤੇਜ਼ ਰਫ਼ਤਾਰ ਬੱਸ ਦੇ ਡਰਾਈਵਰ ਨੇ ਵਾਹਨ ਤੋਂ ਕੰਟਰੋਲ ਗੁਆ ਦਿਤਾ ਅਤੇ ਮਹਾਰਾਸ਼ਟਰ ਦੇ ਕਲਿਆਣ-ਨਗਰ ਹਾਈਵੇਅ ’ਤੇ ਮੁਰਬਾਦ ਖੇਤਰ ਦੇ ਸਵਾਰਨੇ ਪਿੰਡ ਦੇ ਨੇੜੇ ਇਹ ਹਾਦਸਾਗ੍ਰਸਤ ਹੋ ਗਈ। ਇਸ ਹਾਦਸੇ ਵਿਚ ਮਖੀਜਾ ਨੂੰ ਗੰਭੀਰ ਸੱਟਾਂ ਲੱਗੀਆਂ, ਜਿਸ ਤੋਂ ਬਾਅਦ ਮੁੰਬਈ ਦੇ ਇਕ ਹਸਪਤਾਲ ਦੇ ਡਾਕਟਰਾਂ ਨੂੰ ਉਸਦਾ ਖੱਬਾ ਹੱਥ ਕੱਟਣਾ ਪਿਆ। ਉਹ ਇਕ ਕੰਪਨੀ ਵਿਚ ਸੇਲਜ਼ ਮੈਨੇਜਰ ਵਜੋਂ ਕੰਮ ਕਰਦਾ ਸੀ ਅਤੇ ਸ਼ੁਰੂ ਵਿਚ ਉਸਨੇ ਅਪਣੀ 3.6 ਲੱਖ ਰੁਪਏ ਦੀ ਮਾਸਿਕ ਆਮਦਨ ਦੇ ਆਧਾਰ ’ਤੇ ਮੁਆਵਜ਼ੇ ਦਾ ਦਾਅਵਾ ਕੀਤਾ ਸੀ। ਬੱਸ ਮਾਲਕ ਰਿਆਜ਼ ਕਾਦਰ ਮੁਹੰਮਦ ਅਤੇ ਬੀਮਾਕਰਤਾ ਯੂਨਾਈਟਿਡ ਇੰਡੀਆ ਇੰਸ਼ੋਰੈਂਸ ਕੰਪਨੀ ਲਿਮਟਿਡ ਨੇ ਦਾਅਵੇ ਦਾ ਵਿਰੋਧ ਕੀਤਾ।
ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ, ਟ੍ਰਿਬਿਊਨਲ ਨੇ ਕਿਹਾ, ‘‘ਸਭ ਤੋਂ ਪਹਿਲਾਂ ਇਹ ਦੱਸਣਾ ਉਚਿਤ ਹੋਵੇਗਾ ਕਿ ਪਟੀਸ਼ਨਕਰਤਾ ਦੇ ਸਬੂਤਾਂ ਅਤੇ ਪੁਲਿਸ ਦਸਤਾਵੇਜ਼ਾਂ ਤੋਂ ਇਹ ਸਪੱਸ਼ਟ ਹੈ ਕਿ ਹਾਦਸਾ ਉਸ ਵਾਹਨ ਦੇ ਡਰਾਈਵਰ ਦੀ ਲਾਪਰਵਾਹੀ ਕਾਰਨ ਹੋਇਆ...।’’ ਬੀਮਾਕਰਤਾ ਨੇ ਦਲੀਲ ਦਿਤੀ ਕਿ ਡਰਾਈਵਰ ਵੈਧ ਭਾਰੀ ਵਾਹਨ ਲਾਇਸੈਂਸ ਤੋਂ ਬਿਨਾਂ ਵਾਹਨ ਚਲਾ ਰਿਹਾ ਸੀ ਜਿਸਨੇ ਬੀਮਾ ਪਾਲਿਸੀ ਦੀ ਉਲੰਘਣਾ ਕੀਤੀ। ਹਾਲਾਂਕਿ, ਟ੍ਰਿਬਿਊਨਲ ਨੇ ਕਿਹਾ, ‘‘ਜਿੱਥੋਂ ਤਕ ਬੀਮਾਕਰਤਾ ਦੇ ਬਚਾਅ ਦਾ ਸਵਾਲ ਹੈ, ਇਹ ਕਿਹਾ ਗਿਆ ਹੈ ਕਿ ਡਰਾਈਵਰ ਬਿਨਾਂ ਕਿਸੇ ਵੈਧ ਡਰਾਈਵਿੰਗ ਲਾਇਸੈਂਸ ਦੇ ਭਾਰੀ ਵਾਹਨ ਚਲਾ ਰਿਹਾ ਸੀ। ਰਿਕਾਰਡ ’ਚ ਦਰਜ ਲਾਇਸੈਂਸ ਐਲਐਮਵੀ (ਹਲਕੇ ਮੋਟਰ ਵਾਹਨ) ਲਈ ਹੈ। ਮਾਲਕ ਨੇ ਕੋਈ ਸਬੂਤ ਪੇਸ਼ ਨਹੀਂ ਕੀਤਾ। ਇਸ ਲਈ, ਦੋਵੇਂ ਪ੍ਰਤੀਵਾਦੀ ਪਟੀਸ਼ਨਕਰਤਾ ਨੂੰ ਮੁਆਵਜ਼ਾ ਦੇਣ ਲਈ ਜ਼ਿੰਮੇਵਾਰ ਹੋਣਗੇ।’’
ਟ੍ਰਿਬਿਊਨਲ ਨੇ ਬੀਮਾ ਕੰਪਨੀ ਨੂੰ ਮਖੀਜਾ ਨੂੰ ਪਟੀਸ਼ਨ ਦਾਇਰ ਕਰਨ ਦੀ ਮਿਤੀ ਤੋਂ 7.5 ਫ਼ੀ ਸਦੀ ਵਿਆਜ ਦੇ ਨਾਲ 1,39,48,645 ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਦਿਤਾ ਅਤੇ ਕਿਹਾ ਕਿ ਬੀਮਾਕਰਤਾ ਨੂੰ ਉਸ ਤੋਂ ਬਾਅਦ ਬੱਸ ਮਾਲਕ ਤੋਂ ਰਕਮ ਵਸੂਲਣ ਦਾ ਅਧਿਕਾਰ ਹੈ।