
ਕਿਹਾ, ਇਹ ਸਪੱਸ਼ਟ ਹੈ ਕਿ ਕੇਂਦਰ ਦੇ ਅਧੀਨ ਜਾਂਚ ਏਜੰਸੀਆਂ ਦੀ ਵਰਤੋਂ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਵਿਰੁਧ ਕੀਤੀ ਜਾ ਰਹੀ ਹੈ
ਸ੍ਰੀਨਗਰ: ਨੈਸ਼ਨਲ ਕਾਨਫਰੰਸ ਦੇ ਆਗੂ ਉਮਰ ਅਬਦੁੱਲਾ ਨੇ ਸਨਿਚਰਵਾਰ ਨੂੰ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਇਕ ਸੱਚੇ ਸਿਆਸਤਦਾਨ ਰਹੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਦੇ ਨਾ ਕਦੇ ਇਹ ਸੋਚਣਾ ਹੋਵੇਗਾ ਕਿ ਉਹ ਅਪਣੇ ਪਿੱਛੇ ਕਿਸ ਤਰ੍ਹਾਂ ਦੀ ਵਿਰਾਸਤ ਛੱਡ ਰਹੇ ਹਨ।
ਉੱਤਰੀ ਕਸ਼ਮੀਰ ਦੀ ਬਾਰਾਮੂਲਾ ਲੋਕ ਸਭਾ ਸੀਟ ਤੋਂ ਚੋਣ ਲੜ ਰਹੇ ਅਬਦੁੱਲਾ ਨੇ ਪੀ.ਟੀ.ਆਈ. ਵੀਡੀਉ ਨੂੰ ਦਿਤੇ ਇੰਟਰਵਿਊ ’ਚ ਦਾਅਵਾ ਕੀਤਾ ਕਿ ਇਹ ਸਪੱਸ਼ਟ ਹੈ ਕਿ ਕੇਂਦਰ ਦੇ ਅਧੀਨ ਜਾਂਚ ਏਜੰਸੀਆਂ ਦੀ ਵਰਤੋਂ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਵਿਰੁਧ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਜਿਨ੍ਹਾਂ ਮਾਮਲਿਆਂ ਦੀ ਜਾਂਚ ਕਰ ਰਿਹਾ ਹੈ, ਉਨ੍ਹਾਂ ’ਚੋਂ 95 ਫੀ ਸਦੀ ਮਾਮਲੇ ਸਿਆਸੀ ਨੇਤਾਵਾਂ ਅਤੇ ਸਿਆਸੀ ਪਾਰਟੀਆਂ ਵਿਰੁਧ ਹਨ। ਉਨ੍ਹਾਂ ਕਿਹਾ, ‘‘ਕਿਸੇ ਨਾ ਕਿਸੇ ਸਮੇਂ ਪ੍ਰਧਾਨ ਮੰਤਰੀ ਮੋਦੀ ਨੂੰ ਉਨ੍ਹਾਂ ਦੀ ਵਿਰਾਸਤ ਨਜ਼ਰ ਆਉਣੀ ਸ਼ੁਰੂ ਹੋ ਜਾਵੇਗੀ। ਫਿਲਹਾਲ ਮੈਨੂੰ ਲਗਦਾ ਹੈ ਕਿ ਉਨ੍ਹਾਂ ਦਾ ਟੀਚਾ ਜਵਾਹਰ ਲਾਲ ਨਹਿਰੂ ਨਾਲੋਂ ਜ਼ਿਆਦਾ ਸਮੇਂ ਤਕ ਪ੍ਰਧਾਨ ਮੰਤਰੀ ਬਣੇ ਰਹਿਣਾ ਹੈ।’’
ਅਬਦੁੱਲਾ ਨੇ ਕਿਹਾ, ‘‘ਇਕ ਸਮਾਂ ਆਉਂਦਾ ਹੈ ਜਦੋਂ ਸਾਨੂੰ ਸਟੇਜ ਛੱਡਣੀ ਪੈਂਦੀ ਹੈ। ਮੈਨੂੰ ਕੋਈ ਸ਼ੱਕ ਨਹੀਂ ਹੈ ਕਿ ਪ੍ਰਧਾਨ ਮੰਤਰੀ ਇਸ ਬਾਰੇ ਸੋਚਣਾ ਸ਼ੁਰੂ ਕਰ ਦੇਣਗੇ ਕਿ ਉਹ ਅਪਣੇ ਪਿੱਛੇ ਕਿਸ ਤਰ੍ਹਾਂ ਦੀ ਵਿਰਾਸਤ ਛੱਡਣਾ ਚਾਹੁੰਦੇ ਹਨ।’’
ਇਹ ਪੁੱਛੇ ਜਾਣ ’ਤੇ ਕਿ ਕੀ ਉਨ੍ਹਾਂ ਨੂੰ ਲਗਦਾ ਹੈ ਕਿ ਜੇਕਰ ਪ੍ਰਧਾਨ ਮੰਤਰੀ ਮੋਦੀ ਨੂੰ ਤੀਜਾ ਕਾਰਜਕਾਲ ਮਿਲਦਾ ਹੈ ਤਾਂ ਕੇਂਦਰੀ ਏਜੰਸੀਆਂ ਹੋਰ ਵਿਰੋਧੀ ਨੇਤਾਵਾਂ ਨੂੰ ਨਿਸ਼ਾਨਾ ਬਣਾਉਣਗੀਆਂ, ਅਬਦੁੱਲਾ ਨੇ ਕਿਹਾ, ‘‘ਇਕ ਕੌਮੀ ਅਖਬਾਰ ਨੇ ਪਹਿਲੇ ਪੰਨੇ ’ਤੇ ਖਬਰ ਛਾਪੀ ਸੀ ਕਿ ਭਾਜਪਾ ’ਚ ਸ਼ਾਮਲ ਹੋਣ ਵਾਲੇ ਲੋਕ ਅਚਾਨਕ ਖ਼ੁਦ ਨੂੰ ਬਰੀ ਹੋਇਆ ਪਾਉਂਦੇ ਹਨ। ਇਸ ਲਈ, ਇਹ ਇਕ ਹਕੀਕਤ ਹੈ, ਇਹ ਕੁੱਝ ਅਜਿਹਾ ਨਹੀਂ ਹੈ ਜਿਸ ਬਾਰੇ ਅਸੀਂ ਅੰਦਾਜ਼ਾ ਲਗਾ ਰਹੇ ਹਾਂ। ਪਰ ਠੀਕ ਹੈ। ਇਹ ਭਾਜਪਾ ਕੋਲ ਮੌਜੂਦ ਬਹੁਤ ਸਾਰੀਆਂ ਰਣਨੀਤੀਆਂ ’ਚੋਂ ਇਕ ਹੈ।’’
ਹਾਲਾਂਕਿ ਅਬਦੁੱਲਾ ਨੇ ਵਿਰੋਧੀ ਗੱਠਜੋੜ ‘ਇੰਡੀਆ’ ਦੇ ਕਿਸੇ ਵੀ ਮੈਂਬਰ ਨੂੰ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਦਸਣ ਤੋਂ ਇਨਕਾਰ ਕਰ ਦਿਤਾ ਅਤੇ ਕਿਹਾ ਕਿ ਜੇਕਰ ਗੱਠਜੋੜ ਨੂੰ ਜ਼ਿਆਦਾ ਸੀਟਾਂ ਮਿਲਦੀਆਂ ਹਨ ਤਾਂ ਇਸ ਸਵਾਲ ’ਤੇ ਚਰਚਾ ਕੀਤੀ ਜਾਵੇਗੀ।
ਉਨ੍ਹਾਂ ਕਿਹਾ, ‘‘ਇਹ ਚਿੰਤਾ ਦਾ ਵਿਸ਼ਾ ਕਿਉਂ ਹੈ? ਲੋਕਾਂ ਨੂੰ ਵੋਟ ਪਾਉਣ ਦਿਉ, ਸੀਟ ਆਉਣ ਦਿਉ, ਸਾਡੇ ਕੋਲ ਪ੍ਰਧਾਨ ਮੰਤਰੀ ਹੋਵੇਗਾ। ਜਦੋਂ ‘ਇੰਡੀਆ ਸ਼ਾਈਨਿੰਗ’ ਦਾ ਪ੍ਰਚਾਰ ਕੀਤਾ ਜਾ ਰਿਹਾ ਸੀ ਤਾਂ ਵੀ ਇਹ ਚਿੰਤਾ ਦਾ ਵਿਸ਼ਾ ਨਹੀਂ ਸੀ। ਪਰ ਕੀ ਗੱਠਜੋੜ ਨੇ ਤੁਹਾਨੂੰ ਪ੍ਰਧਾਨ ਮੰਤਰੀ ਨਹੀਂ ਦਿਤਾ? ਕੀ ਤਤਕਾਲੀ ਪ੍ਰਧਾਨ ਮੰਤਰੀ (ਮਨਮੋਹਨ ਸਿੰਘ) ਨੇ 10 ਸਾਲ ਸਫਲਤਾਪੂਰਵਕ ਸ਼ਾਸਨ ਨਹੀਂ ਕੀਤਾ ਅਤੇ ਕੀ ਕਿਸੇ ਨੇ ਸੋਚਿਆ ਸੀ ਕਿ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਬਣਨਗੇ?’’