
ਚੋਣ ਐਲਾਨਨਾਮੇ ’ਚ ਸਰਕਾਰੀ ਕਰਮਚਾਰੀਆਂ ਲਈ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਅਤੇ 500 ਰੁਪਏ ’ਚ ਐਲ.ਪੀ.ਜੀ. ਸਿਲੰਡਰ ਮੁਹੱਈਆ ਕਰਵਾਉਣ ਦਾ ਵਾਅਦਾ ਵੀ ਕੀਤਾ ਗਿਆ
ਪਟਨਾ: ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਆਗੂ ਤੇਜਸਵੀ ਯਾਦਵ ਨੇ ਸਨਿਚਰਵਾਰ ਨੂੰ ਲੋਕ ਸਭਾ ਚੋਣਾਂ ਲਈ ਪਾਰਟੀ ਦਾ ਚੋਣ ਐਲਾਨਨਾਮਾ ਜਾਰੀ ਕੀਤਾ, ਜਿਸ ’ਚ ਦੇਸ਼ ਭਰ ਦੇ ਇਕ ਕਰੋੜ ਬੇਰੁਜ਼ਗਾਰ ਨੌਜੁਆਨਾਂ ਨੂੰ ਸਰਕਾਰੀ ਨੌਕਰੀ ਅਤੇ ਗਰੀਬ ਪਰਵਾਰਾਂ ਦੀਆਂ ਭੈਣਾਂ ਨੂੰ ਇਕ ਲੱਖ ਰੁਪਏ ਪ੍ਰਤੀ ਸਾਲ ਦੇਣ ਦਾ ਵਾਅਦਾ ਕੀਤਾ ਗਿਆ ਹੈ।
ਆਰ.ਜੇ.ਡੀ. ਨੇ ਅਪਣੇ ਚੋਣ ਐਲਾਨਨਾਮਾ ਨੂੰ ‘ਪਰਿਵਰਤਨ ਪੱਤਰ’ ਦਾ ਨਾਮ ਦਿਤਾ ਹੈ। ਆਰ.ਜੇ.ਡੀ. ਦੇ ਬਦਲਾਅ ਪੱਤਰ ’ਚ ਜਨਤਾ ਨਾਲ 24 ਵਾਅਦੇ ਕੀਤੇ ਗਏ ਹਨ। ਉਨ੍ਹਾਂ ਕਿਹਾ, ‘‘ਅਸੀਂ ਅੱਜ ਪਰਿਵਰਤਨ ਪੱਤਰ ਜਾਰੀ ਕੀਤਾ ਹੈ, ਅਸੀਂ 2024 ਦੀਆਂ ਚੋਣਾਂ ਲਈ 24 ਵਾਅਦੇ ਲੈ ਕੇ ਆਏ ਹਾਂ। ਬਿਹਾਰ ਦੇ ਵਿਕਾਸ ਲਈ ਅੱਜ ਅਸੀਂ ਜੋ ਵੀ ਵਾਅਦਾ ਕਰਾਂਗੇ, ਉਸ ਨੂੰ ਪੂਰਾ ਕਰਾਂਗੇ।’’
ਉਨ੍ਹਾਂ ਕਿਹਾ, ‘‘ਅਸੀਂ ਜੋ ਵਾਅਦਾ ਕਰਦੇ ਹਾਂ ਉਸ ਨੂੰ ਪੂਰਾ ਕਰਦੇ ਹਾਂ। ਅਸੀਂ 2020 ਦੀਆਂ ਬਿਹਾਰ ਵਿਧਾਨ ਸਭਾ ਚੋਣਾਂ ਦੌਰਾਨ ਜੋ ਵੀ ਵਾਅਦੇ ਕੀਤੇ ਸਨ, ਅਸੀਂ ਅਪਣੇ 17 ਮਹੀਨਿਆਂ ਦੇ ਕਾਰਜਕਾਲ (ਬਿਹਾਰ ’ਚ ਪਿਛਲੀ ਮਹਾਗੱਠਜੋੜ ਸਰਕਾਰ) ਦੌਰਾਨ ਉਨ੍ਹਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ।’’ ਉਨ੍ਹਾਂ ਕਿਹਾ, ‘‘ਅਸੀਂ ਪੰਜ ਲੱਖ ਸਰਕਾਰੀ ਨੌਕਰੀਆਂ ਦਾ ਪ੍ਰਬੰਧ ਕੀਤਾ ਹੈ। ਜਾਤੀ ਅਧਾਰਤ ਮਰਦਮਸ਼ੁਮਾਰੀ ਕੀਤੀ ਗਈ ਅਤੇ ਰਾਖਵਾਂਕਰਨ ਦੀ ਹੱਦ ਵਧਾ ਕੇ 75 ਫ਼ੀ ਸਦੀ ਕਰ ਦਿਤੀ ਗਈ।’’
ਯਾਦਵ ਨੇ ਕਿਹਾ ਕਿ ਜੇਕਰ ਵਿਰੋਧੀ ਧੜਾ ‘ਇੰਡੀਆ’ ਕੇਂਦਰ ਵਿਚ ਸੱਤਾ ਵਿਚ ਆਉਂਦਾ ਹੈ ਤਾਂ ਦੇਸ਼ ਭਰ ਵਿਚ ਇਕ ਕਰੋੜ ਬੇਰੁਜ਼ਗਾਰ ਨੌਜੁਆਨਾਂ ਨੂੰ ਇਕ ਕਰੋੜ ਸਰਕਾਰੀ ਨੌਕਰੀਆਂ ਦਿਤੀ ਆਂ ਜਾਣਗੀਆਂ। ਉਨ੍ਹਾਂ ਕਿਹਾ, ‘‘ਇਸ ਸਾਲ ਰੱਖੜੀ ਦੇ ਮੌਕੇ ’ਤੇ ਅਸੀਂ ਗਰੀਬ ਪਰਵਾਰਾਂ ਨਾਲ ਸਬੰਧਤ ਅਪਣੀਆਂ ਭੈਣਾਂ ਨੂੰ ਸਾਲਾਨਾ 1 ਲੱਖ ਰੁਪਏ ਦੇਵਾਂਗੇ।’’ ਚੋਣ ਐਲਾਨਨਾਮੇ ’ਚ ਸਰਕਾਰੀ ਕਰਮਚਾਰੀਆਂ ਲਈ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਅਤੇ 500 ਰੁਪਏ ’ਚ ਐਲ.ਪੀ.ਜੀ. ਸਿਲੰਡਰ ਮੁਹੱਈਆ ਕਰਵਾਉਣ ਦਾ ਵਾਅਦਾ ਵੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਪੂਰੇ ਦੇਸ਼ ’ਚ 30 ਲੱਖ ਤੋਂ ਵੱਧ ਸਰਕਾਰੀ ਅਸਾਮੀਆਂ ਖਾਲੀ ਹਨ, ਜਿਨ੍ਹਾਂ ਨੂੰ ਭਰ ਕੇ 70 ਲੱਖ ਅਸਾਮੀਆਂ ਪੈਦਾ ਕੀਤੀਆਂ ਜਾਣਗੀਆਂ।