
ਸਿਹਤ ਮੰਤਰੀ ਹਰਸ਼ਵਰਧਨ ਨੇ ਦਸਿਆ ਕਿ ਦੇਸ਼ ਵਿਚ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਹਰ ਦਿਨ ਬਿਹਤਰ ਹੋ ਰਹੀ ਹੈ।
ਨਵੀਂ ਦਿੱਲੀ, 12 ਮਈ: ਸਿਹਤ ਮੰਤਰੀ ਹਰਸ਼ਵਰਧਨ ਨੇ ਦਸਿਆ ਕਿ ਦੇਸ਼ ਵਿਚ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਹਰ ਦਿਨ ਬਿਹਤਰ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਤਰੀਕ ਵਿਚ ਇਹ ਦਰ 31.7 ਫ਼ੀ ਸਦੀ 'ਤੇ ਹੈ। ਕੋਰੋਨਾ ਨਾਲ ਮੌਤ ਦੀ ਦਰ ਦੇਸ਼ ਵਿਚ ਦੁਨੀਆਂ ਵਿਚ ਸੱਭ ਤੋਂ ਘੱਟ 3.2 ਫ਼ੀ ਸਦੀ ਹੈ। ਕਈ ਰਾਜਾਂ ਵਿਚ ਤਾਂ ਇਹ ਇਸ ਤੋਂ ਵੀ ਘੱਟ ਹੈ। ਦੁਨੀਆਂ ਵਿਚ ਇਹ ਦਰ 7 ਤੋਂ 7.5 ਫ਼ੀ ਸਦੀ ਹੈ।
ਉਨ੍ਹਾਂ ਕਿਹਾ ਕਿ ਮਾਮਲਿਆਂ ਦੇ ਦੁਗਣੇ ਹੋਣ ਦਾ ਸਮਾਂ 10.9 ਦਿਨਾਂ ਤੋਂ ਵੱਧ ਕੇ 12.2 ਦਿਨ ਹੋ ਗਿਆ ਹੈ। ਸਿਹਤ ਮੰਤਰਾਲੇ ਮੁਤਾਬਕ ਪਿਛਲੇ ਚੌਵੀ ਘੰਟਿਆਂ ਵਿਚ ਕੋਰੋਨਾ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਦੇ ਮਾਮਲਿਆਂ ਦੀ ਗਿਣਤੀ 2293 ਹੋ ਗਈ ਅਤੇ ਪੀੜਤਾਂ ਦੀ ਗਿਣਤੀ ਵੱਧ ਕੇ 70756 ਹੋ ਗਈ। ਮ੍ਰਿਤਕਾਂ ਦੀ ਗਿਣਤੀ ਵਿਚ 87 ਦਾ ਵਾਧਾ ਹੋਇਆ ਅਤੇ ਪੀੜਤਾਂ ਦੇ 3604 ਮਾਮਲੇ ਵਧੇ।
File photo
ਵਰਧਨ ਨੇ ਕਿਹਾ ਕਿ ਪਿਛਲੇ 14 ਦਿਨਾਂ ਵਿਚ ਲਾਗ ਦੇ ਮਾਮਲੇ ਦੁਗਣੇ ਹੋਣ ਦਾ ਸਮਾਂ 10.9 ਦਿਨ ਸੀ। ਉਨ੍ਹਾਂ ਕਿਹਾ ਕਿ 2.37 ਫ਼ੀ ਸਦੀ ਮਰੀਜ਼ ਆਈਸੀਯੂ ਵਿਚ ਸਨ, 0.41 ਫ਼ੀ ਸਦੀ ਮਰੀਜ਼ ਵੈਂਟੀਲੇਟਰ 'ਤੇਸਨ ਅਤੇ 1.82 ਫ਼ੀ ਸਦੀ ਮਰੀਜ਼ ਆਕਸੀਜਨ 'ਤੇ ਸਨ। ਦੇਸ਼ ਵਿਚ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ 71 ਹਜ਼ਾਰ ਦੇ ਨੇੜੇ ਪਹੁੰਚ ਗਈ ਹੈ।
ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਦੇਸ਼ ਵਿਚ 46 ਹਜ਼ਾਰ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। 22 ਹਜ਼ਾਰ ਤੋਂ ਵੱਧ ਮਰੀਜ਼ ਠੀਕ ਹੋ ਚੁਕੇ ਹਨ ਜਦਕਿ 2293 ਮਰੀਜ਼ਾਂ ਦੀ ਮੌਤ ਹੋ ਗਈ ਹੈ। ਮੰਤਰਾਲੇ ਮੁਤਾਬਕ ਦੇਸ਼ ਵਿਚ ਹੁਣ ਤਕ ਪੀੜਤ ਮਰੀਜ਼ਾਂ ਦੀ ਗਿਣਤੀ 70756 ਹੈ। 2293 ਲੋਕਾਂ ਦੀ ਮੌਤ ਹੋ ਚੁੱਕੀ ਹੈ। (ਏਜੰਸੀ)