
ਰੇਲਵੇ ਨੇ ਇਕ ਮਈ ਤੋਂ ਹੁਣ ਤਕ 542 'ਮਜ਼ਦੂਰ ਵਿਸ਼ੇਸ਼ ਟਰੇਨਾਂ' ਚਲਾਈਆਂ ਹਨ ਅਤੇ ਤਾਲਾਬੰਦੀ ਕਾਰਨ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਫਸੇ 6.48 ਲੱਖ ਪ੍ਰਵਾਸੀਆਂ ਨੂੰ
ਨਵੀਂ ਦਿੱਲੀ, 12 ਮਈ: ਰੇਲਵੇ ਨੇ ਇਕ ਮਈ ਤੋਂ ਹੁਣ ਤਕ 542 'ਮਜ਼ਦੂਰ ਵਿਸ਼ੇਸ਼ ਟਰੇਨਾਂ' ਚਲਾਈਆਂ ਹਨ ਅਤੇ ਤਾਲਾਬੰਦੀ ਕਾਰਨ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਫਸੇ 6.48 ਲੱਖ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਘਰ ਪਹੁੰਚਾਇਆ ਹੈ। ਕੇਂਦਰੀ ਗ੍ਰਹਿ ਮੰਤਰਾਲੇ ਦੇ ਬਿਆਨ ਵਿਚ ਦਸਿਆ ਗਿਆ ਹੈ ਕਿ ਮਜ਼ਦੂਰਾਂ ਨੂੰ ਤੇਜ਼ੀ ਨਾਲ ਘਰ ਪਹੁੰਚਾਣ ਲਈ ਰੇਲਵੇ ਹੁਣ ਹਰ ਰੋਜ਼ 100 ਵਿਸ਼ੇਸ਼ ਟਰੇਨਾਂ ਚਲਾਏਗੇ। ਹੁਣ ਤਕ ਚਲਾਈਆਂ ਗਈਆਂ 542 ਟਰੇਨਾਂ ਵਿਚੋਂ 448 ਅਪਣੇ ਮੁਕਾਮ 'ਤੇ ਪਹੁੰਚ ਗਈਆਂ ਹਨ ਅਤੇ 94 ਰਸਤੇ ਵਿਚ ਹਨ।
ਇਸ ਤੋਂ ਇਲਾਵਾ, 117 ਗੱਡੀਆਂ ਬਿਹਾਰ ਪੁੱਜੀਆਂ, ਮੱਧ ਪ੍ਰਦੇਸ਼ ਵਿਚ 38, ਉੜੀਸਾ ਵਿਚ 29, ਝਾਰਖੰਡ ਵਿਚ 27, ਰਾਜਸਥਾਨ ਵਿਚ ਚਾਰ, ਮਹਾਰਾਸ਼ਟਰ ਵਿਚ ਤਿੰਨ, ਤੇਲੰਗਾਨਾ ਅਤੇ ਪਛਮੀ ਬੰਗਾਲ ਵਿਚ ਦੋ ਦੋ ਅਤੇ ਆਂਧਰਾ ਪ੍ਰਦੇਸ਼, ਛੱਤੀਸਗੜ੍ਹ, ਹਿਮਾਚਲ ਪ੍ਰਦੇਸ਼, ਕਰਨਾਟਕ ਅਤੇ ਤਾਮਿਲਨਾਡੂ ਵਿਚ ਇਕ ਇਕ ਟਰੇਲ ਅਪਣੇ ਮੁਕਾਮ 'ਤੇ ਪੁਜੀਆਂ।
File photo
ਟਰੇਨ 'ਤੇ ਚੜ੍ਹਨ ਤੋਂ ਪਹਿਲਾਂ ਯਾਤਰੀਆਂ ਦੀ ਪੂਰੀ ਜਾਂਚ ਕੀਤੀ ਗਈ। ਯਾਤਰਾ ਦੌਰਾਨ ਯਾਤਰੀਆਂ ਨੂੰ ਮੁਫ਼ਤ ਭੋਜਨ ਅਤੇ ਪਾਣੀ ਦਿਤਾ ਗਿਆ। ਸੋਮਵਾਰ ਨੂੰ ਹਰ ਸਪੈਸ਼ਨ ਟਰੇਨ 1700 ਮਜ਼ਦੂਰਾਂ ਨੂੰ ਲੈ ਕੇ ਉਨ੍ਹਾਂ ਦੇ ਘਰ ਪਹੁੰਚਾਣ ਲਈ ਰਵਾਨਾ ਕੀਤੀਆਂ ਗਈਆਂ। ਸ਼ੁਰੂਆਤ ਵਿਚ ਕਿਸੇ ਵੀ ਸਟੇਸ਼ਨ 'ਤੇ ਇਨ੍ਹਾਂ ਟਰੇਨਾਂ ਦੇ ਰੁਕਣ ਦੀ ਯੋਜਨਾ ਨਹੀਂ ਸੀ ਪਰ ਸੋਮਵਾਰ ਨੂੰ ਰੇਲਵੇ ਨੇ ਐਲਾਨ ਕੀਤਾ ਕਿ ਮੁਕਾਮ ਰਾਜਾਂ ਵਿਚ ਵੱਧ ਤੋਂ ਵੱਧ ਤਿੰਨ ਸਟੇਸ਼ਨਾਂ 'ਤੇ ਰੁਕਣ ਦੀ ਆਗਿਆ ਦਿਤੀ ਜਾਵੇਗੀ। ਅਧਿਕਾਰੀਆਂ ਨੇ ਕਿਹਾ ਕਿ ਇਸ ਸਬੰਧ ਵਿਚ ਰਾਜ ਸਰਕਾਰਾਂ ਦੀ ਬੇਨਤੀ 'ਤੇ ਇਹ ਫ਼ੈਸਲਾ ਕੀਤਾ ਗਿਆ। (ਏਜੰਸੀ)
ਵਿਸ਼ੇਸ਼ ਟਰੇਨ ਵਿਚ ਸਵਾਰ ਪ੍ਰਵਾਸੀ ਮਜ਼ਦੂਰ ਦੀ ਮੌਤ
ਨਵੀਂ ਦਿੱਲੀ, 12 ਮਈ: ਪੁਣੇ-ਪ੍ਰਯਾਗਰਾਜ ਸ਼ਰਮਿਕ ਸਪੈਸ਼ਲ ਟਰੇਨ ਵਿਚ ਸਵਾਰ 34 ਸਾਲਾ ਪ੍ਰਵਾਸੀ ਮਜ਼ਦੂਰ ਦੀ ਸੋਮਵਾਰ ਨੂੰ ਮੌਤ ਹੋ ਗਈ ਅਤੇ ਉਸ ਦੀ ਲਾਸ਼ ਦਾ ਪੋਸਟਮਾਰਟਮ ਕਰਾਇਆ ਗਿਆ ਹੈ। ਅਧਿਕਾਰੀਆਂ ਨੇ ਦਸਿਆ ਕਿ ਪੁਣੇ ਵਿਚ ਹੋਟਲ ਵਿਚ ਕੰਮ ਕਰਨ ਵਾਲਾ ਅਖਿਲੇਸ਼ ਕੁਮਾਰ ਯੂਪੀ ਦੇ ਗੋਂਡਾ ਵਿਖੇ ਅਪਣੇ ਘਰ ਮੁੜ ਰਿਹਾ ਸੀ। ਯਾਤਰਾ ਦੌਰਾਨ ਉਸ ਦੀ ਮੌਤ ਹੋ ਗਈ। ਉਸ ਦੀ ਲਾਸ਼ ਮੱਧ ਪ੍ਰਦੇਸ਼ ਵਿਚ ਸਤਨਾ ਜ਼ਿਲ੍ਹੇ ਦੇ ਮਝਗਾਂਵ ਵਿਚ ਟਰੇਨ ਤੋਂ ਲਾਹੀ ਗਈ। ਰੇਲਵੇ ਸੁਰੱਖਿਆ ਬਲ ਦੇ ਡੀਜੀ ਅਰੁਣ ਕੁਮਾਰ ਨੇ ਕਿਹਾ, 'ਪ੍ਰਵਾਸੀ ਮਜ਼ਦੂਰ ਦੀ ਪੁਣੇ-ਪ੍ਰਯਾਗਰਾਜ ਸਪੈਸ਼ਲ ਟਰੇਨ ਵਿਚ ਮੌਤ ਹੋਈ। ਪੋਸਟਮਾਰਟਮ ਕਰਾਇਆ ਗਿਆ ਹੈ।' ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਨਹੀਂ ਕਿ ਪ੍ਰਵਾਸੀ ਮਜ਼ਦੂਰ ਕੋਰੋਨਾ ਵਾਇਰਸ ਤੋਂ ਪੀੜਤ ਸੀ ਜਾਂ ਨਹੀਂ। (ਏਜੰਸੀ)