
ਖ਼ੁਦਕੁਸ਼ੀ ਪਰਚੀ 'ਚ ਲਿਖਿਆ , 'ਮੈਂ ਡਰਦਾ ਹਾਂ, ਮੈਨੂੰ ਕੋਰੋਨਾ ਹੋ ਸਕਦੈ'
ਜੰਮੂ, 12 ਮਈ (ਸਰਬਜੀਤ ਸਿੰਘ): ਕੇਂਦਰੀ ਰਿਜ਼ਰਵ ਪੁਲਿਸ ਫ਼ੋਰਸ (ਸੀਆਰਪੀਐਫ਼) ਦੇ ਸਬ-ਇੰਸਪੈਕਟਰ ਨੇ ਦਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਮੱਟਾਨ ਖੇਤਰ ਵਿਚ ਅਪਣੀ ਸਰਵਿਸ ਰਾਈਫ਼ਲ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਰਾਜਸਥਾਨ ਦੇ ਜੈਸਲਮੇਰ ਨਿਵਾਸੀ ਫ਼ਤਿਹ ਸਿੰਘ ਪੁੱਤਰ ਈਦਾਨ ਸਿੰਘ ਵਜੋਂ ਪਛਾਣਿਆ ਗਿਆ। ਉਸ ਨੇ ਅਪਣੇ ਕੋਲ ਇਕ ਖ਼ੁਦਕੁਸ਼ੀ ਪਰਚੀ ਛੱਡ ਗਿਆ ਸੀ। ਜਿਸ ਵਿਚ ਲਿਖਿਆ ਸੀ ''ਮੈਨੂੰ ਡਰ ਹੈ ਕਿ ਮੈਨੂੰ ਕੋਰੋਨਾ ਹੋ ਸਕਦਾ ਹੈ।”
File photo
ਅਧਿਕਾਰੀਆਂ ਨੇ ਦਸਿਆ ਕਿ ਮ੍ਰਿਤਕ ਅਨੰਤਨਾਗ ਜ਼ਿਲ੍ਹੇ ਦੇ ਮਟਾਨ, ਅਕੂਰਾ ਵਿਖੇ ਸੀਆਰਪੀਐਫ਼ ਦੀ 49ਵੀਂ ਬਟਾਲੀਅਨ 'ਚ ਤਾਇਨਾਤ ਸੀ। ਉਨ੍ਹਾਂ ਦਸਿਆ ਕਿ ਫ਼ਤਿਹ ਸਿੰਘ ਵਲੋਂ ਗੋਲੀ ਚਲਾਉਣ ਤੋਂ ਤੁਰਤ ਬਾਅਦ ਉਸਦੇ ਸਾਥੀ ਮੌਕੇ 'ਤੇ ਪਹੁੰਚੇ ਅਤੇ ਉਸ ਨੂੰ ਨੇੜੇ ਦੇ ਹਸਪਤਾਲ ਲਿਆਂਦਾ ਗਿਆ। ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਪੁਲਿਸ ਦੇ ਇਕ ਅਧਿਕਾਰੀ ਦਸਿਆ ਕਿ ਉਨ੍ਹਾਂ ਨੂੰ ਲਾਸ਼ ਨੇੜੇ ਇਕ ਸੁਸਾਈਡ ਨੋਟ ਮਿਲਿਆ ਜਿਸ ਵਿਚ ਲਿਖਿਆ ਹੈ: ''ਕੋਈ ਵੀ ਮੇਰੇ ਸਰੀਰ ਨੂੰ ਨਹੀਂ ਛੂਹੇ, ਮੈਨੂੰ ਡਰ ਹੈ, ਮੈਨੂੰ ਕੋਰੋਨਾ ਹੈ।”
ਥਾਣਾ ਮੱਟਾਨ ਦੇ ਐਸ.ਐਚ.ਓ. ਜਜ਼ੀਬ ਅਹਿਮਦ ਨੇ ਦਸਿਆ ਕਿ ਸੀਆਰਪੀਐਫ਼ ਦੇ ਸਬ ਇੰਸਪੈਕਟਰ ਦੇ ਸਰੀਰ ਤੋਂ ਕੋਵਿਡ-19 ਨਮੂਨੇ ਲਏ ਗਏ ਹਨ ਅਤੇ ਪੋਸਟ ਮਾਰਟਮ ਕਰਵਾਇਆ ਗਿਆ। ਨਤੀਜਾ ਆਉਣ ਤੋਂ ਬਾਅਦ ਹੀ ਇਸ ਗੱਲ ਦੀ ਪੁਸ਼ਟੀ ਕੀਤੀ ਜਾਵੇਗੀ ਕਿ ਮ੍ਰਿਤਕ ਕੋਵਿਡ 19 ਸਕਾਰਾਤਮਕ ਸੀ। ਸੀਆਰਪੀਐਫ ਦੇ ਬੁਲਾਰੇ ਨੇ ਕਿਹਾ ਇਸ ਗੱਲ ਦਾ ਕੋਈ ਸਬੂਤ ਨਹੀਂ ਕਿ ਉਹ ਵਾਇਰਸ ਨਾਲ ਪ੍ਰਭਾਵਤ ਸੀ। ਪੁਲਿਸ ਨੇ ਇਸ ਸਬੰਧੀ ਕੇਸ ਦਰਜ ਕਰ ਕੇ ਅੱਗੇ ਦੀ ਪੜਤਾਲ ਸ਼ੁਰੂ ਕਰ ਦਿਤੀ ਹੈ।