
ਮਨੀਸ਼ ਸਿਸੋਦੀਆ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਾਮਲੇ ਵਿਚ ਦਖਲ ਦੇਣ ਦੀ ਕੀਤੀ ਅਪੀਲ
ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਭਾਰਤੀ ਜਨਤਾ ਪਾਰਟੀ ਵੱਲੋਂ ਭਾਜਪਾ ਸ਼ਾਸਤ ਤਿੰਨ ਨਗਰਪਾਲਿਕਾਵਾਂ ਵੱਲੋਂ ਚਲਾਏ ਜਾ ਰਹੇ ਕਬਜ਼ੇ ਵਿਰੋਧੀ ਅਭਿਆਨ ਕਾਰਨ ਸ਼ਹਿਰ ਵਿਚ ਹੋ ਰਹੀ ਭੰਨਤੋੜ ਨੂੰ ਰੋਕਣ ਦੀ ਅਪੀਲ ਕੀਤੀ ਹੈ। ਮਨੀਸ਼ ਸਿਸੋਦੀਆ ਨੇ ਇਕ ਆਨਲਾਈਨ ਪ੍ਰੈਸ ਕਾਨਫਰੰਸ ਵਿਚ ਦਾਅਵਾ ਕੀਤਾ ਕਿ ਨਾਗਰਿਕ ਸੰਸਥਾਵਾਂ ਨੇ ਦਿੱਲੀ ਵਿਚ 63 ਲੱਖ ਘਰਾਂ ਨੂੰ ਢਾਹੁਣ ਦੀ ਯੋਜਨਾ ਬਣਾਈ ਹੈ।
ਮਨੀਸ਼ ਸਿਸੋਦੀਆ ਨੇ ਕਿਹਾ ਕਿ ਅੱਜ ਮੈਂ ਵੱਡਾ ਖੁਲਾਸਾ ਕਰਨ ਜਾ ਰਿਹਾ ਹਾਂ। ਭਾਜਪਾ ਕਿਵੇਂ ਬੁਲਡੋਜ਼ਰ ਤੋਂ ਵਸੂਲੀ ਲਈ ਵੱਡੀ ਯੋਜਨਾ ਬਣਾ ਕੇ ਬੈਠੀ ਹੈ। ਭਾਜਪਾ ਦਿੱਲੀ ਨੂੰ ਬੁਲਡੋਜ਼ਰ ਨਾਲ ਉਜਾੜ ਕੇ ਤਬਾਹ ਕਰਨ ਦੀ ਯੋਜਨਾ ਬਣਾ ਰਹੀ ਹੈ। ਮੈਂ ਇਸ ਸਬੰਧੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੂੰ ਪੱਤਰ ਵੀ ਲਿਖਿਆ ਹੈ। ਸਭ ਤੋਂ ਅਹਿਮ ਗੱਲ ਇਹ ਹੈ ਕਿ ਦਿੱਲੀ 'ਚ 63 ਲੱਖ ਘਰਾਂ 'ਤੇ ਬੁਲਡੋਜ਼ਰ ਚਲਾਉਣ ਦੀ ਤਿਆਰੀ ਕਰ ਲਈ ਗਈ ਹੈ। ਉਹ ਵੱਡੇ ਪੱਧਰ ‘ਤੇ ਰਾਸ਼ਟਰੀ ਰਾਜਧਾਨੀ ਦੀ ਭੰਨਤੋੜ ਕਰਨ ਜਾ ਰਹੇ ਹਨ। ਦਿੱਲੀ ਦੀ ਲਗਭਗ 70 ਫੀਸਦੀ ਆਬਾਦੀ ਬੇਘਰ ਹੋ ਜਾਵੇਗੀ।
ਉਹਨਾਂ ਕਿਹਾ, "ਆਮ ਆਦਮੀ ਪਾਰਟੀ ਇਸ ਮੁਹਿੰਮ ਦਾ ਵਿਰੋਧ ਕਰਦੀ ਹੈ ਅਤੇ ਮੈਂ ਇਸ ਸਬੰਧ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਮਾਮਲੇ ਵਿਚ ਦਖਲ ਦੇਣ ਦੀ ਅਪੀਲ ਕੀਤੀ ਹੈ।" ਦਿੱਲੀ ਦੇ ਉਪ ਮੁੱਖ ਮੰਤਰੀ ਨੇ ਕਿਹਾ, ''ਮੈਂ ਉਹਨਾਂ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਇਸ (ਢਾਹੁਣ ਦੀ ਮੁਹਿੰਮ) ਨੂੰ ਰੋਕਿਆ ਜਾਵੇ। ਜੇਕਰ ਬੁਲਡੋਜ਼ਰ ਚਲਾਉਣੇ ਹਨ ਤਾਂ ਉਹਨਾਂ ਭਾਜਪਾ ਨੇਤਾਵਾਂ ਅਤੇ ਨਗਰ ਨਿਗਮ ਦੇ ਨੁਮਾਇੰਦਿਆਂ ਦੇ ਘਰਾਂ 'ਤੇ ਚਲਾਓ, ਜਿਨ੍ਹਾਂ ਨੇ ਅਜਿਹੇ ਢਾਂਚੇ ਦੀ ਉਸਾਰੀ ਦੀ ਇਜਾਜ਼ਤ ਦੇਣ ਲਈ ਰਿਸ਼ਵਤ ਲਈ ਸੀ।"
ਦਿੱਲੀ ਦੇ ਉਪ ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਬੁਲਡੋਜ਼ਰਾਂ ਤੋਂ ਵਸੂਲੀ ਦੀ ਰਾਜਨੀਤੀ ਦਾ ਵਿਰੋਧ ਕਰਦੀ ਹੈ। ਭਾਜਪਾ ਨੇ ਐਮਸੀਡੀ ਨਗਰ ਨਿਗਮ 'ਚ ਆਪਣਾ ਕਾਰਜਕਾਲ ਪੂਰਾ ਕਰ ਲਿਆ ਹੈ, ਫਿਰ ਵੀ ਉਹ ਬੁਲਡੋਜ਼ਰ ਲੈ ਕੇ ਘੁੰਮ ਰਹੀ ਹੈ। ਮੈਂ ਦਿੱਲੀ ਦੇ ਹਰ ਵਿਅਕਤੀ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਆਮ ਆਦਮੀ ਪਾਰਟੀ ਦਾ ਹਰ ਵਿਧਾਇਕ, ਹਰ ਵਰਕਰ ਤੁਹਾਡੇ ਨਾਲ ਖੜ੍ਹਾ ਹੈ। ਇਸ ਲਈ ਭਾਵੇਂ ਸਾਨੂੰ ਜੇਲ੍ਹ ਜਾਣਾ ਪਵੇ। ਮੈਂ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਨੇਤਾਵਾਂ ਨੂੰ ਕਹਿੰਦਾ ਹਾਂ ਕਿ ਜੇਕਰ ਦਿੱਲੀ ਵਿੱਚ 63 ਲੱਖ ਘਰ ਢਾਹੁਣ ਦਾ ਕੰਮ ਜਾਰੀ ਰਿਹਾ ਤਾਂ ਦਿੱਲੀ ਵਿਚ ਹਾਹਾਕਾਰ ਮਚ ਜਾਵੇਗੀ, ਇਹ ਸਭ ਤੋਂ ਭਿਆਨਕ ਤਬਾਹੀ ਹੋਵੇਗੀ, ਕਿਰਪਾ ਕਰਕੇ ਇਸ ਨੂੰ ਬੰਦ ਕਰੋ।