
ਡੀ.ਜੀ.ਸੀ.ਏ. ਨੂੰ ਕੀਤੀ ਅਪੀਲ : 'ਨੋ ਫ਼ਲਾਇੰਗ ਲਿਸਟ ਵਿਚ ਦਰਜ ਕੀਤਾ ਜਾਵੇ ਦੋਸ਼ੀ ਵਿਅਕਤੀ ਦਾ ਨਾਂਅ'
ਨਵੀਂ ਦਿੱਲੀ : ਏਅਰ ਇੰਡੀਆ ਨੇ ਚਾਲਕ ਦਲ ਦੇ ਮੈਂਬਰਾਂ ਨਾਲ ਦੁਰਵਿਵਹਾਰ ਕਰਨ ਵਾਲੇ ਯਾਤਰੀ 'ਤੇ ਦੋ ਸਾਲ ਲਈ ਪਾਬੰਦੀ ਲਗਾ ਦਿਤੀ ਹੈ। ਇਹ ਮਾਮਲਾ ਪਿਛਲੇ ਮਹੀਨੇ ਦਾ ਹੈ, ਜਦੋਂ ਦਿੱਲੀ ਤੋਂ ਲੰਡਨ ਜਾ ਰਹੀ ਏਆਈ-111 ਫ਼ਲਾਈਟ ਵਿਚ ਇਕ ਯਾਤਰੀ ਨੇ ਚਾਲਕ ਦਲ ਦੇ ਮੈਂਬਰਾਂ ਨਾਲ ਲੜਾਈ ਸ਼ੁਰੂ ਕਰ ਦਿਤੀ ਸੀ।
ਜਾਣਕਾਰੀ ਅਨੁਸਾਰ ਉਕਤ ਯਾਤਰੀ ਨੇ ਚਾਲਕ ਦਲ ਦੇ ਮੈਂਬਰਾਂ ਨਾਲ ਕੁੱਟਮਾਰ ਵੀ ਕੀਤੀ। ਇਸ ਦੌਰਾਨ ਚਾਲਕ ਦਲ ਦੇ 2 ਮੈਂਬਰਾਂ ਨੂੰ ਸੱਟਾਂ ਲੱਗੀਆਂ। ਹੁਣ ਏਅਰ ਇੰਡੀਆ ਨੇ ਦੁਰਵਿਵਹਾਰ ਕਰਨ ਵਾਲੇ ਇਸ ਯਾਤਰੀ 'ਤੇ ਦੋ ਸਾਲ ਲਈ ਪਾਬੰਦੀ ਲਗਾ ਦਿਤੀ ਹੈ ਅਤੇ ਇਸ ਦੇ ਨਾਲ ਹੀ ਏਅਰ ਇੰਡੀਆ ਨੇ ਡੀ.ਜੀ.ਸੀ.ਏ. ਨੂੰ ਦੋਸ਼ੀ ਵਿਅਕਤੀ ਨੂੰ ਨੋ ਫ਼ਲਾਇੰਗ ਲਿਸਟ ਵਿਚ ਪਾਉਣ ਦੀ ਬੇਨਤੀ ਕੀਤੀ ਹੈ।