
‘‘ਮੈਂ ਸੇਵਾਮੁਕਤੀ ਮਗਰੋਂ ਕਿਸੇ ਵੀ ਅਹੁਦੇ ਨੂੰ ਮਨਜ਼ੂਰ ਨਹੀਂ ਕਰਾਂਗਾ। ਸ਼ਾਇਦ ਕਾਨੂੰਨ ਨਾਲ ਸਬੰਧਤ ਕੁੱਝ ਕਰਾਂਗਾ।’’
ਨਵੀਂ ਦਿੱਲੀ : ਭਾਰਤ ਦੇ ਚੀਫ ਜਸਟਿਸ ਸੰਜੀਵ ਖੰਨਾ ਨੇ ਮੰਗਲਵਾਰ ਨੂੰ ਕਿਹਾ ਕਿ ਹਾਲਾਂਕਿ ਉਹ ਸੇਵਾਮੁਕਤੀ ਤੋਂ ਬਾਅਦ ਕਿਸੇ ਵੀ ਅਧਿਕਾਰਤ ਜ਼ਿੰਮੇਵਾਰੀ ਨੂੰ ਮਨਜ਼ੂਰ ਨਹੀਂ ਕਰਨਗੇ ਪਰ ਉਹ ਕਾਨੂੰਨ ’ਚ ਅਪਣੀ ਪਾਰੀ ਜਾਰੀ ਰਖਣਗੇ।
ਜਸਟਿਸ ਖੰਨਾ ਨੂੰ 18 ਜਨਵਰੀ, 2019 ਨੂੰ ਸੁਪਰੀਮ ਕੋਰਟ ’ਚ ਤਰੱਕੀ ਦਿਤੀ ਗਈ ਸੀ। ਉਨ੍ਹਾਂ ਨੂੰ 11 ਨਵੰਬਰ, 2024 ਨੂੰ ਚੀਫ ਜਸਟਿਸ ਨਿਯੁਕਤ ਕੀਤਾ ਗਿਆ ਸੀ ਅਤੇ ਉਹ ਮੰਗਲਵਾਰ ਨੂੰ ਸੇਵਾਮੁਕਤ ਹੋ ਗਏ।
ਰਸਮੀ ਬੈਂਚ ਦੀ ਕਾਰਵਾਈ ਖਤਮ ਹੋਣ ਤੋਂ ਬਾਅਦ ਚੀਫ ਜਸਟਿਸ ਨੇ ਸੁਪਰੀਮ ਕੋਰਟ ਕੰਪਲੈਕਸ ’ਚ ਪੱਤਰਕਾਰਾਂ ਨਾਲ ਮੁਲਾਕਾਤ ਕੀਤੀ ਅਤੇ ਕਿਹਾ, ‘‘ਮੈਂ ਸੇਵਾਮੁਕਤੀ ਮਗਰੋਂ ਕਿਸੇ ਵੀ ਅਹੁਦੇ ਨੂੰ ਮਨਜ਼ੂਰ ਨਹੀਂ ਕਰਾਂਗਾ। ਸ਼ਾਇਦ ਕਾਨੂੰਨ ਨਾਲ ਸਬੰਧਤ ਕੁੱਝ ਕਰਾਂਗਾ।’’ ਸੁਪਰੀਮ ਕੋਰਟ ਦੇ ਕਈ ਸਾਬਕਾ ਜੱਜ ਵਿਚੋਲਗੀ ਵਿਚ ਅਪਣੀ ਪਾਰੀ ਦੀ ਸ਼ੁਰੂਆਤ ਕਰਦੇ ਹਨ। ਚੀਫ ਜਸਟਿਸ ਨੇ ਕਿਹਾ, ‘‘ਮੈਂ ਤੀਜੀ ਪਾਰੀ ਖੇਡਾਂਗਾ ਅਤੇ ਕਾਨੂੰਨ ਨਾਲ ਜੁੜਿਆ ਹੀ ਕੁੱਝ ਕਰਾਂਗਾ।’’ 10 ਮਈ ਨੂੰ ਨਾਮਜ਼ਦ ਨਵੇਂ ਚੀਫ ਜਸਟਿਸ ਬੀ.ਆਰ. ਗਵਈ ਨੇ ਵੀ ਸੇਵਾਮੁਕਤੀ ਮਗਰੋਂ ਕਿਸੇ ਵੀ ਕੰਮ ਨੂੰ ਨਾਂਹ ਕਰ ਦਿਤੀ ਸੀ।