
ਸਿੱਖਾਂ ਨੇ ਮੁੱਖ ਮੰਤਰੀ ਦੇ ਦਖ਼ਲ ਦੀ ਕੀਤੀ ਮੰਗ
ਨਵੀਂ ਦਿੱਲੀ (ਅਮਨਦੀਪ ਸਿੰਘ): ਸ਼ਿਲਾਂਗ ਵਿਚ ਅਪਣੀ ਹੋਂਦ ਬਚਾਉਣ ਦੀ ਲੜਾਈ ਲੜ ਰਹੇ ਸਿੱਖਾਂ ਤੇ ਪੰਜਾਬੀਆਂ ਨੇ ਮੇਘਾਲਿਆ ਦੇ ਮੁੱਖ ਮੰਤਰੀ ਕਾਨਰਾਡ ਸੰਗਮਾ ਤੋਂ ਮੰਗ ਕੀਤੀ ਹੈ ਕਿ ਉਹ ਮੇਘਾਲਿਆ ਦੀ ਪਾਬੰਦੀਸ਼ੁਦਾ ਖਾੜਕੂ ਜਥੇਬੰਦੀ ਐਚ ਐਨ ਐਲ ਸੀ ਵਲੋਂ ਹਰੀਜਨ ਕਾਲੋਨੀ, ਬੜਾ ਬਾਜ਼ਾਰ ਦੇ ਵਸਨੀਕਾਂ ਨੂੰ ਜਾਨੋਂ ਮਾਰਨ ਦੀ ਦਿਤੀ ਗਈ ਧਮਕੀ ਨੂੰ ਸੰਜੀਦਗੀ ਨਾਲ ਲੈਂਦੇ ਹੋਏ ਸਿੱਖਾਂ ਨੂੰ ਸੁਰੱਖਿਆ ਮੁਹਈਆ ਕਰਵਾ ਕੇ, ਜਾਨ ਮਾਲ ਦੀ ਰਾਖੀ ਯਕੀਨੀ ਬਣਾਉਣ। ਖਾੜਕੂ ਜਥੇਬੰਦੀ ਨੇ ਧਮਕੀ ਵਿਚ ਪੰਜਾਬ ਸਰਕਾਰ ਤੇ ਪੰਜਾਬੀਆਂ ਨੂੰ ਸੂਬੇ ਦੇ ਸਿੱਖਾਂ ਦੇ ਮਾਮਲੇ ਵਿਚ ਦਖ਼ਲਅੰਦਾਜ਼ੀ ਕਰਨ ਤੋਂ ਪਾਸੇ ਰਹਿਣ ਦੀ ਤਾੜਨਾ ਕੀਤੀ ਹੈ ਤੇ ਕਿਹਾ ਹੈ ਕਿ ਉਹ ਪੰਜਾਬ ਵਿਚ ਕੋਈ ਜ਼ਮੀਨ ਨਹੀਂ ਮੰਗਦੇ।
ਇਸ ਲਈ ਪੰਜਾਬ ਵਾਲੇ ਇਥੇ ਦਖ਼ਲ ਨਾ ਦੇਣ। ਹਰੀਜਨ ਪੰਚਾਇਤ ਕਮੇਟੀ ਨੇ ਮਨੁੱਖੀ ਹਕੂਕ ਜਥੇਬੰਦੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਮੁਢਲੇ ਹੱਕਾਂ ਲਈ ਹਾਅ ਦਾ ਨਾਹਰਾ ਮਾਰਨ ਤੇ ਵਹੀਰਾਂ ਘਤ ਕੇ ਸ਼ਿਲਾਂਗ ਪੁਜ ਕੇ,ਔਖੀ ਘੜੀ ਵਿਚ ਸਾਥ ਦੇਣ। ਖ਼ਾਸ ਤੌਰ 'ਤੇ ਉਨ੍ਹਾਂ ਸ਼੍ਰੋਮਣੀ ਕਮੇਟੀ, ਦਿੱਲੀ ਸਿੱਖ ਗੁਰਦਵਾਰਾ ਕਮੇਟੀ ਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਿੱਖਾਂ ਦੇ ਹੱਕਾਂ ਲਈ ਠੋਸ ਰਣਨੀਤੀ ਉਲੀਕਣ। ਹਰੀਜਨ ਪੰਚਾਇਤ ਕਮੇਟੀ ਦੇ ਨੁਮਾਇੰਦੇ ਸ.ਗੁਰਜੀਤ ਸਿੰਘ ਨੇ ਕਿਹਾ,“ਅਸੀ ਤਾਂ ਅਪਣੇ ਲੋਕਾਂ ਦੇ ਅਪਣੀ ਮਰਜ਼ੀ ਮੁਤਾਬਕ ਰਹਿਣ ਦੇ ਮੁਢਲੇ ਹੱਕ ਦੀ ਰਾਖੀ ਲਈ ਲੜ ਰਹੇ ਹਾਂ।''
Meghalaya High Court
ਖਾੜਕੂ ਜਥੇਬੰਦੀ ਐਚ ਐਨ ਐਲ ਸੀ ਨੇ ਅਪਣੀ ਵੈੱਬਸਾਈਟ ਤੇ ਸਿੱਖਾਂ ਨੂੰ ਧਮਕਾਇਆ ਹੈ ਤੇ ਸ਼ਿਲਾਂਗ ਦੀਆਂ ਅਖ਼ਬਾਰਾਂ ਵਿਚ ਵੀ ਇਹ ਬਿਆਨ ਛਪਿਆ ਹੈ। ਖਾੜਕੂ ਜਥੇਬੰਦੀ ਨੇ ਭੜਕਾਊ ਭਾਸ਼ਾ ਵਿਚ ਧਮਕਾਉਂਦੇ ਹੋਏ ਲਿਖਿਆ ਹੈ, 'ਅਸੀ 1995 ਵਿਚ ਵੀ ਲਾਲ ਸਿੰਘ ਨੂੰ ਜਾਨੋ ਮਾਰ ਦਿਤਾ ਸੀ। ਸਾਨੂੰ ਸਾਡੇ ਲੋਕਾਂ ਦੀ ਹਮਾਇਤ ਹੈ ਅਤੇ ਅਸੀਂ ਫ਼ੌਜੀ ਕਾਰਵਾਈ ਤੋਂ ਪਿਛੇ ਨਹੀਂ ਹਟਾਂਗੇ। ਇਹ ਸਿਰਫ਼ ਧਮਕੀ ਨਹੀਂ ਹੈ। ਅਪਣੇ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਅਸੀਂ ਬੰਦੂਕ ਦੀ ਗੋਲੀ ਦੀ ਵਰਤੋਂ ਕਰਾਂਗੇ।''
ਸ.ਗੁਰਜੀਤ ਸਿੰਘ ਨੇ ਦਸਿਆ ਕਿ ਧਮਕੀ ਵਿਚ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਅਤੇ ਪੰਜਾਬੀਆਂ ਨੂੰ ਇਥੇ ਦਖ਼ਲਅੰਦਾਜ਼ੀ ਨਹੀਂ ਕਰਨੀ ਚਾਹੀਦੀ ਪਰ ਸਾਡੇ ਪਰਿਵਾਰਕ ਅਤੇ ਸਮਾਜਕ ਸਬੰਧ ਹਨ ਅਤੇ ਅਸੀ ਉਨ੍ਹਾਂ ਤੋਂ ਸਹਿਯੋਗ ਲੈਂਦੇ ਰਹਾਂਗੇ। ਮੁੱਖ ਮੰਤਰੀ ਨੂੰ ਭੇਜੀ ਚਿੱਠੀ ਵਿਚ ਹਰੀਜਨ ਪੰਚਾਇਤ ਕਮੇਟੀ ਨੇ ਸਪਸ਼ਟ ਕੀਤਾ ਹੈ ਕਿ,“ਸ਼ਿਲਾਂਗ ਮਿਉਂਸਪਲ ਬੋਰਡ ਬਿਨਾਂ ਕਾਰਨ ਸਿੱਖਾਂ ਨੂੰ ਤੰਗ ਕਰ ਰਿਹਾ ਹੈ। ਪੰਜਾਬੀ ਲੇਨ ਦੇ ਸਾਰੇ ਵਸਨੀਕਾਂ ਦੇ ਸਾਰੇ ਵੇਰਵੇ ਬੋਰਡ ਕੋਲ ਹਨ ਜੋ ਪਿਛਲੇ ਸਾਲ ਮਈ-ਜੂਨ ਵਿਚ ਸਿੱਖਾਂ ਤੇ ਕੀਤੇ ਹਮਲੇ ਤੋਂ ਪਹਿਲਾਂ ਵੀ ਅਜਿਹੀ ਸੂਚੀਆਂ ਅਤੇ ਵੇਰਵੇ ਇਕੱਠੇ ਕਰ ਚੁਕਾ ਹੈ।
Rozana Spokesman
ਇਥੋਂ ਤਕ ਕਿ ਇਸ ਇਲਾਕੇ ਦੇ 70 ਫ਼ੀ ਸਦੀ ਤੋਂ ਵਧ ਲੋਕ ਸ਼ਿਲਾਂਗ ਮਿਉਂਸਪਲ ਬੋਰਡ ਦੇ ਮੁਲਾਜ਼ਮ ਹਨ ਜਿਨ੍ਹਾਂ ਦੇ ਵੇਰਵੇ ਵੀ ਉਨ੍ਹਾਂ ਕੋਲ ਹਨ। ਉਹ ਜਾਣ ਬੁਝ ਕੇ ਸਾਨੂੰ ਜ਼ਲੀਲ ਕਰਨਾ ਚਾਹੁੰਦੇ ਹਨ। ਜੇ ਇਨ੍ਹਾਂ ਨੂੰ ਹੋਰ ਵੇਰਵੇ ਚਾਹੀਦੇ ਹਨ ਤਾਂ ਉਹ ਬਿਜਲੀ ਕੁਨੈਕਸ਼ਨਾਂ, ਵੋਟਰ ਸੂਚੀਆਂ ਅਤੇ ਰਾਸ਼ਨ ਕਾਰਡਾਂ ਤੋਂ ਸੌਖਿਆਂ ਹੀ ਲੈ ਸਕਦੇ ਹਨ।'' 'ਸਪੋਕਸਮੈਨ' ਨੂੰ ਭੇਜੇ ਬਿਆਨ ਵਿਚ ਸ.ਗੁਰਜੀਤ ਸਿੰਘ ਨੇ ਸਾਫ਼ ਕਿਹਾ,“ਖਾੜਕੂ ਜਥੇਬੰਦੀ ਐਚ ਐਨ ਐਲ ਸੀ ਕੁਫ਼ਰ ਤੋਲ ਰਹੀ ਹੈ। ਅਸੀ ਗ਼ਰੀਬ ਮਿਹਨਤੀ ਲੋਕ ਹਾਂ ਤੇ ਆਮ ਆਦਮੀ ਵਾਂਗ ਜ਼ਿੰਦਗੀ ਜਿਊਂਦੇ ਹਾਂ।
Punjabi lane
ਅਸੀਂ ਕਦੇ ਕੋਈ ਮਕਾਨ ਕਿਰਾਏ 'ਤੇ ਨਹੀਂ ਚੜ੍ਹਾਏ। ਇਹ ਸੱਭ ਸਾਨੂੰ ਜਾਣ-ਬੁੱਝ ਕੇ ਬਦਨਾਮ ਕਰਨ ਲਈ ਝੂਠ ਬੋਲਿਆ ਜਾ ਰਿਹਾ ਹੈ। ਇਸ ਬਾਰੇ ਸਬੰਧਤ ਥਾਣੇ ਦਾ ਰੀਕਾਰਡ ਵੇਖਿਆ ਜਾ ਸਕਦਾ ਹੈ ਕਿ ਅਸੀਂ ਅਮਨ ਪਸੰਦ ਹਾਂ ਤੇ ਸਾਡੇ ਵਿਰੁਧ ਕੋਈ ਕੇਸ ਵੀ ਦਰਜ ਨਹੀਂ।'' ਹਰੀਜਨ ਪੰਚਾਇਤ ਕਮੇਟੀ ਦਾ ਮੰਨਣਾ ਹੈ ਕਿ ਕਿਉਂਕਿ ਸਿੱਖਾਂ ਨੇ ਸ਼ਿਲਾਂਗ ਮਿਉਂਸਪਲ ਬੋਰਡ ਨੂੰ ਮੇਘਾਲਿਆ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਦਾ ਨੋਟਿਸ ਭੇਜਿਆ ਸੀ ਇਸ ਲਈ ਉਨ੍ਹਾਂ 'ਤੇ ਅਜਿਹੀ ਕਾਨੂੰਨੀ ਕਾਰਵਾਈ ਨਾ ਕਰਨ ਦਾ ਦਬਾਅ ਪਾਉਣ ਲਈ ਮੇਘਾਲਿਆ ਸਰਕਾਰ ਦੀ ਅਖੌਤੀ ਸ਼ਹਿ 'ਤੇ ਖਾੜਕੂ ਜਥੇਬੰਦੀ ਐਚ ਐਨ ਐਲ ਸੀ ਵਲੋਂ ਧਮਕਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ,“ਪਿਛਲੇ ਤਿੰਨ ਦਹਾਕਿਆਂ ਤੋਂ ਅਸੀ ਅਪਣੇ ਘਰਾਂ ਦੀ ਲੜਾਈ ਲੜ ਰਹੇ ਹਾਂ। ਪਿਛਲੇ ਇਕ ਸਾਲ ਤੋਂ ਲਗਾਤਾਰ 31 ਮਈ 2018 ਦੇ ਸਾਡੇ ਤੇ ਕੀਤੇ ਹਮਲੇ ਤੋਂ ਬਾਅਦ ਅਸੀ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਾਂ। ਮੇਘਾਲਿਆ ਹਾਈ ਕੋਰਟ, ਘੱਟ ਗਿਣਤੀ ਕਮਿਸ਼ਨ, ਮਨੁੱਖੀ ਅਧਿਕਾਰ ਕਮਿਸ਼ਨ, ਸਿੱਖ ਜਥੇਬੰਦੀਆਂ, ਸ਼੍ਰੋਮਣੀ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰਿਆਂ ਕੋਲ ਅਸੀ ਅਪਣੀ ਸੁਰੱਖਿਆ ਦੀ ਦੁਹਾਈ ਪਾ ਰਹੇ ਹਾਂ।''