
ਚੰਡੀਗੜ੍ਹ: ਈਡੀ ਸਾਹਮਣੇ ਰਾਹੁਲ ਗਾਂਧੀ ਦੀ ਪੇਸ਼ੀ ਦੇ ਮੱਦੇਨਜ਼ਰ ਚੰਡੀਗੜ੍ਹ ਕਾਂਗਰਸ ਨੇ ਸੈਕਟਰ 18 ਵਿਚ ਈਡੀ ਦੇ ਦਫ਼ਤਰ ਤੋਂ ਥੋੜੀ ਦੂਰ ਪ੍ਰਦਰਸ਼ਨ ਕੀਤਾ। ਈਡੀ ਦਫ਼ਤਰ ਦੇ ਬਾਹਰ ਪੁਲਿਸ ਦੀ ਘੇਰਾਬੰਦੀ ਹੋਣ ਦੇ ਚਲਦਿਆਂ ਕਾਂਗਰਸੀ ਇੱਥੇ ਪ੍ਰਦਰਸ਼ਨ ਨਹੀਂ ਕਰ ਸਕੇ। ਚੰਡੀਗੜ੍ਹ ਕਾਂਗਰਸ ਦੇ ਨਵੇਂ ਪ੍ਰਧਾਨ ਹਰਮੋਹਿੰਦਰ ਸਿੰਘ ਲੱਕੀ ਸਮੇਤ ਕਈ ਹੋਰ ਕਾਂਗਰਸੀ ਆਗੂ ਵੀ ਪ੍ਰਦਰਸ਼ਨ ਵਾਲੀ ਥਾਂ ’ਤੇ ਮੌਜੂਦ ਰਹੇ। ਉੱਥੇ ਹੀ ਮਹਿਲਾ ਕਾਂਗਰਸ ਪ੍ਰਧਾਨ ਦੀਪਾ ਦੁਬੇ ਵੀ ਮਹਿਲਾ ਕਾਂਗਰਸ ਵਰਕਰਾਂ ਨਾਲ ਪ੍ਰਦਰਸ਼ਨ ਕਰਨ ਪਹੁੰਚੇ। ਕਾਂਗਰਸ ਦਾ ਕਹਿਣਾ ਹੈ ਕਿ ਜਦੋਂ ਤੱਕ ਰਾਹੁਲ ਗਾਂਧੀ ਕੋਲੋਂ ਪੁੱਛਗਿੱਛ ਜਾਰੀ ਰਹੇਗੀ, ਉਦੋਂ ਤੱਕ ਉਹਨਾਂ ਦਾ ਧਰਨਾ ਵੀ ਜਾਰੀ ਰਹੇਗਾ।
ਲੱਕੀ ਨੇ ਇਲਜ਼ਾਮ ਲਗਾਏ ਕਿ ਮੋਦੀ ਸਰਕਾਰ ਬਦਲੇ ਦੀ ਭਾਵਨਾ ਨਾਲ ਸਰਕਾਰੀ ਅਦਾਰਿਆਂ ਦੀ ਦੁਰਵਰਤੋਂ ਕਰਕੇ ਕਾਂਗਰਸ ਵਿਰੁੱਧ ਕਾਰਵਾਈ ਕਰ ਰਹੀ ਹੈ। ਈਡੀ ਨੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਸੰਮਨ ਜਾਰੀ ਕੀਤਾ ਹੈ। ਅੱਜ ਰਾਹੁਲ ਨੂੰ ਈਡੀ ਦੇ ਨਵੀਂ ਦਿੱਲੀ ਦਫ਼ਤਰ ਵਿਚ ਪੇਸ਼ ਕੀਤਾ ਗਿਆ। ਚੰਡੀਗੜ੍ਹ ਕਾਂਗਰਸ ਵੱਲੋਂ ਕਥਿਤ ਤੌਰ ’ਤੇ ਮੋਦੀ ਸਰਕਾਰ ਦੀ ਕਾਰਵਾਈ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਲੱਕੀ ਨੇ ਕਿਹਾ ਕਿ ਇਤਿਹਾਸ 'ਚ ਕਦੇ ਵੀ ਅਜਿਹਾ ਪ੍ਰਧਾਨ ਮੰਤਰੀ ਨਹੀਂ ਹੋਇਆ। ਲੱਕੀ ਨੇ ਕਿਹਾ ਕਿ ਨਰਿੰਦਰ ਮੋਦੀ ਕੋਲ ਵਿਦੇਸ਼ ਜਾਣ ਦਾ ਸਮਾਂ ਹੈ ਪਰ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਦਾ ਸਮਾਂ ਨਹੀਂ ਹੈ। ਛੋਟੇ-ਛੋਟੇ ਮੁੱਦਿਆਂ 'ਤੇ ਟਵੀਟ ਕਰਨ ਵਾਲੇ ਮੋਦੀ ਦਾ ਟਵੀਟ ਲੋਕਾਂ ਨਾਲ ਜੁੜੀਆਂ ਸਮੱਸਿਆਵਾਂ ਲਈ ਕਿਉਂ ਬੰਦ ਹੈ। ਲੱਕੀ ਨੇ ਪੈਟਰੋਲ-ਡੀਜ਼ਲ, ਗੈਸ ਸਿਲੰਡਰ ਦੇ ਵਧੇ ਰੇਟ, ਨੌਕਰੀਆਂ ਆਦਿ ਮੁੱਦੇ 'ਤੇ ਮੋਦੀ ਸਰਕਾਰ ਨੂੰ ਘੇਰਿਆ।
ਲੱਕੀ ਨੇ ਕਿਹਾ ਕਿ ਈਡੀ ਦੀ ਇਹ ਕਾਰਵਾਈ ਮੋਦੀ ਸਰਕਾਰ ਦੀਆਂ ਨਾਕਾਮੀਆਂ ਵਿਰੁੱਧ ਆਵਾਜ਼ ਉਠਾਉਣ ਲਈ ਕੀਤੀ ਜਾਂਦੀ ਹੈ। ਲੱਕੀ ਨੇ ਕਿਹਾ ਕਿ 'ਜਦੋਂ ਤੁਸੀਂ ਗੋਰਿਆਂ ਤੋਂ ਨਹੀਂ ਡਰਦੇ ਤਾਂ ਚੋਰਾਂ ਤੋਂ ਕੀ ਡਰੋਗੇ'। ਲੱਕੀ ਨੇ ਕਿਹਾ ਕਿ ਕਾਂਗਰਸ ਮੋਦੀ ਸਰਕਾਰ ਤੋਂ ਡਰਨ ਵਾਲੀ ਨਹੀਂ ਹੈ ਅਤੇ ਇਹ ਅੱਤਿਆਚਾਰਾਂ ਖਿਲਾਫ ਆਵਾਜ਼ ਬੁਲੰਦ ਕਰਨ ਵਾਲੀ ਪਾਰਟੀ ਹੈ। ਲੱਕੀ ਨੇ ਅੱਗੇ ਕਿਹਾ ਕਿ ਮੋਦੀ ਸਰਕਾਰ ਕੇਂਦਰੀ ਏਜੰਸੀਆਂ ਸਮੇਤ ਚੋਣ ਕਮਿਸ਼ਨ ਦੀ ਦੁਰਵਰਤੋਂ ਕਰ ਰਹੀ ਹੈ। ਲੱਕੀ ਨੇ ਕਿਹਾ ਕਿ ਮੋਦੀ ਸਰਕਾਰ ਨੇ 8 ਸਾਲਾਂ 'ਚ ਜੋ ਕੀਤਾ, ਉਸ ਲਈ ਦਿਖਾਉਣ ਲਈ ਕੁਝ ਨਹੀਂ ਹੈ। ਇਸ ਲਈ ਉਹ ਅਜਿਹੀਆਂ ਕਾਰਵਾਈਆਂ ਕਰ ਰਹੀ ਹੈ ਅਤੇ ਹਿੰਦੂ-ਮੁਸਲਿਮ ਕਾਰਡ ਖੇਡ ਰਹੀ ਹੈ।
ਇਸ ਕਾਰਵਾਈ ਦੇ ਵਿਰੋਧ ਵਿਚ ਕਾਂਗਰਸ ਕਮੇਟੀ ਦੇ ਸਮੂਹ ਅਹੁਦੇਦਾਰ, ਜ਼ਿਲ੍ਹਾ ਪ੍ਰਧਾਨ, ਬਲਾਕ ਪ੍ਰਧਾਨ, ਸੈੱਲ ਦੇ ਚੇਅਰਮੈਨ, ਅਗਾਂਹਵਧੂ ਜਥੇਬੰਦੀ ਅਤੇ ਸਮੂਹ ਕੌਂਸਲਰ ਸਵੇਰ ਤੋਂ ਹੀ ਇਹ ਸ਼ਾਂਤਮਈ ਧਰਨਾ ਦੇ ਰਹੇ ਹਨ। ਦੱਸ ਦੇਈਏ ਕਿ ਰਾਹੁਲ ਗਾਂਧੀ ਅੱਜ ਈਡੀ ਸਾਹਮਣੇ ਪੇਸ਼ ਹੋ ਰਹੇ ਹਨ। ਦੂਜੇ ਪਾਸੇ ਈਡੀ ਨੇ ਸ਼ੁੱਕਰਵਾਰ ਨੂੰ ਸੋਨੀਆ ਗਾਂਧੀ ਨੂੰ ਨਵਾਂ ਸੰਮਨ ਜਾਰੀ ਕਰਕੇ ਨੈਸ਼ਨਲ ਹੈਰਾਲਡ ਮਨੀ ਲਾਂਡਰਿੰਗ ਮਾਮਲੇ ਵਿਚ 23 ਜੂਨ ਨੂੰ ਪੇਸ਼ ਹੋਣ ਲਈ ਕਿਹਾ ਹੈ। ਕਾਂਗਰਸ ਨੇ ਇਸ ਨੂੰ ਸਿਆਸੀ ਬਦਲਾਖੋਰੀ ਕਿਹਾ ਹੈ।