
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਨੂਪੁਰ ਸ਼ਰਮਾ ਦੀ ਵਿਵਾਦਤ ਟਿੱਪਣੀ ਕਾਰਨ ਦੇਸ਼ ਦੇ ਕਈ ਹਿੱਸਿਆਂ ਵਿਚ ਹਿੰਸਾ ਹੋਈ ਪਰ ਅਜੇ ਤੱਕ ਉਸ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ।
ਸ੍ਰੀਨਗਰ: ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਦੇ ਮੁਖੀ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਨੂਪੁਰ ਸ਼ਰਮਾ ਵੱਲੋਂ ਪੈਗ਼ੰਬਰ ਮੁਹੰਮਦ ਖ਼ਿਲਾਫ਼ ਵਿਵਾਦਤ ਟਿੱਪਣੀ ਦਾ ਮਕਸਦ ਕਸ਼ਮੀਰੀ ਪੰਡਿਤਾਂ ਦੀ ਦੁਰਦਸ਼ਾ ਤੋਂ ਧਿਆਨ ਹਟਾਉਣਾ, ਮੁਸਲਮਾਨਾਂ ਨੂੰ ਭੜਕਾਉਣਾ ਅਤੇ ਉਹਨਾਂ ਖ਼ਿਲਾਫ਼ ਜਵਾਬੀ ਕਾਰਵਾਈ ਲਈ ਉਕਸਾਉਣਾ ਭਾਜਪਾ ਦੀ ਰਣਨੀਤੀ ਸੀ। ਸ੍ਰੀਨਗਰ ਵਿਚ ਇਕ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਹਿਬੂਬਾ ਨੇ ਕਿਹਾ, “ਨੂਪੁਰ ਸ਼ਰਮਾ ਵੱਲੋਂ ਇਹ ਵਿਵਾਦਤ ਬਿਆਨ ਕਸ਼ਮੀਰੀ ਪੰਡਤਾਂ ਦੀ ਦੁਰਦਸ਼ਾ ਅਤੇ ਉਹਨਾਂ ਦੀਆਂ ਹੱਤਿਆਵਾਂ ਤੋਂ ਧਿਆਨ ਹਟਾਉਣ ਦੀ ਰਣਨੀਤੀ ਵਜੋਂ ਦਿੱਤਾ ਗਿਆ ਸੀ, ਜਿਸ ਨੂੰ ਭਾਜਪਾ ਸਰਕਾਰ ਰੋਕਣ ਵਿਚ ਨਾਕਾਮ ਰਹੀ ਹੈ।”
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਨੂਪੁਰ ਸ਼ਰਮਾ ਦੀ ਵਿਵਾਦਤ ਟਿੱਪਣੀ ਕਾਰਨ ਦੇਸ਼ ਦੇ ਕਈ ਹਿੱਸਿਆਂ ਵਿਚ ਹਿੰਸਾ ਹੋਈ ਪਰ ਅਜੇ ਤੱਕ ਉਸ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ। ਪੀਡੀਪੀ ਮੁਖੀ ਨੇ ਇਲਜ਼ਾਮ ਲਾਇਆ, "ਇਹ ਬਿਆਨ ਨੂਪੁਰ ਸ਼ਰਮਾ ਨੇ ਮੁਸਲਮਾਨਾਂ ਨੂੰ ਭੜਕਾਉਣ ਲਈ ਦਿੱਤਾ ਸੀ ਤਾਂ ਕਿ ਸਰਕਾਰ ਨੂੰ ਉਹਨਾਂ ਦੇ ਘਰ ਢਾਹੁਣ, ਉਹਨਾਂ 'ਤੇ ਗੋਲੀਆਂ ਚਲਾਉਣ ਅਤੇ ਗ੍ਰਿਫ਼ਤਾਰ ਕਰਨ ਦਾ ਬਹਾਨਾ ਮਿਲ ਸਕੇ"।
ਬੀਜੇਪੀ ਦੇ ਦੋ ਮੁਅੱਤਲ ਬੁਲਾਰਿਆਂ ਵੱਲੋਂ ਪੈਗ਼ੰਬਰ ਮੁਹੰਮਦ ਖ਼ਿਲਾਫ਼ ਕਥਿਤ ਵਿਵਾਦਤ ਟਿੱਪਣੀ ਨੂੰ ਲੈ ਕੇ ਸ਼ੁੱਕਰਵਾਰ ਨੂੰ ਕਈ ਸੂਬਿਆਂ ਵਿਚ ਹਿੰਸਕ ਵਿਰੋਧ ਪ੍ਰਦਰਸ਼ਨ ਹੋਏ। ਉੱਤਰ ਪ੍ਰਦੇਸ਼ ਵਿਚ ਅਧਿਕਾਰੀਆਂ ਨੇ ਹਿੰਸਾ ਵਿਚ ਸ਼ਾਮਲ ਲੋਕਾਂ ਦੇ 'ਗੈਰ-ਕਾਨੂੰਨੀ' ਘਰਾਂ ਨੂੰ ਢਾਹ ਦਿੱਤਾ। ਪੱਛਮੀ ਬੰਗਾਲ ਦੇ ਨਾਦੀਆ ਜ਼ਿਲ੍ਹੇ ਦੇ ਬੇਥੁਆਦਹਾਰੀ ਰੇਲਵੇ ਸਟੇਸ਼ਨ 'ਤੇ ਭੀੜ ਦੁਆਰਾ ਹਮਲਾ ਕਰਨ ਅਤੇ ਇਕ ਰੇਲਗੱਡੀ ਨੂੰ ਨੁਕਸਾਨ ਪਹੁੰਚਾਉਣ ਸਮੇਤ ਹਿੰਸਾ ਅਤੇ ਵਿਰੋਧ ਪ੍ਰਦਰਸ਼ਨਾਂ ਦੀਆਂ ਛੋਟੀਆਂ-ਛੋਟੀਆਂ ਘਟਨਾਵਾਂ ਵੀ ਐਤਵਾਰ ਨੂੰ ਸਾਹਮਣੇ ਆਈਆਂ।