
ਭਾਰਤ ਦੀ ਰਿਲਾਇੰਸ ਨੇ ਅੱਠ ਅੰਕਾਂ ਦੀ ਛਾਲ ਮਾਰ ਕੇ 45ਵੇਂ ਸਥਾਨ ’ਤੇ ਪੁੱਜੀ
ਨਵੀਂ ਦਿੱਲੀ: ਫ਼ੋਰਸ ਦੀ ਨਵੀਨਤਮ ‘ਗਲੋਬਲ 2000’ ਸੂਚੀ ’ਚ ਅਰਬਪਤੀ ਕਾਰੋਬਾਰੀ ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ ਲਿਮਟਡ ਅੱਠ ਅੰਕਾਂ ਦੀ ਛਾਲ ਮਾਰ ਕੇ 45ਵੇਂ ਸਥਾਨ ’ਤੇ ਪੁੱਜ ਗਈ ਹੈ ਇਸ ਸੂਚੀ ’ਚ ਕਿਸੇ ਵੀ ਭਾਰਤੀ ਕੰਪਨੀ ਦੇ ਮੁਕਾਬਲੇ ਇਹ ਸਭ ਤੋਂ ਉਪਰਲਾ ਪੱਧਰ ਹੈ।
ਫ਼ੋਰਬਸ ਨੇ 2023 ਲਈ ਦੁਨੀਆ ਦੀਆਂ ਸਿਖਰਲੀਆਂ 2000 ਕੰਪਨੀਆਂ ਦੀ ਸੂਚੀ ਜਾਰੀ ਕਰਦਿਆਂ ਕਿਹਾ ਕਿ ਇਸ ਨੂੰ ਚਾਰ ਕਾਰਕਾਂ- ਵਿਕਰੀ, ਲਾਭ, ਜਾਇਦਾਦ ਅਤੇ ਬਾਜ਼ਾਰ ਮੁਲਾਂਕਣ ਦੇ ਆਧਾਰ ’ਤੇ ਤਿਆਰ ਕੀਤਾ ਗਿਆ ਹੈ।
ਅਮਰੀਕਾ ਦਾ ਸਭ ਤੋਂ ਵੱਡਾ ਬੈਂਕ ਜੇ.ਪੀ. ਮੋਰਗਨ 2011 ਤੋਂ ਬਾਅਦ ਪਹਿਲੀ ਵਾਰੀ ਇਸ ਸੂਚੀ ’ਚ ਸਿਖਰ ’ਤੇ ਹੈ। ਬੈਂਕ ਦੀ ਕੁਲ ਜਾਇਦਾਦ 3700 ਅਰਬ ਡਾਲਰ ਹੈ। ਵਾਰੇਨ ਬਫ਼ੇਟ ਦੀ ਬਰਕਸ਼ਾਇਰ ਹੈਥਵੇ, ਜੋ ਪਿਛਲੇ ਸਾਲ ਸੂਚੀ ’ਚ ਸਭ ਤੋਂ ਉੱਪਰ ਸੀ, ਉਹ ਇਸ ਸਾਲ ਨਿਵੇਸ਼ ਪੋਰਟਫ਼ੋਲੀਓ ’ਚ ਨੁਕਸਾਨ ਕਰ ਕੇ 338ਵੇਂ ਸਥਾਨ ’ਤੇ ਆ ਗਈ।
ਸਾਊਦੀ ਤੇਲ ਕੰਪਨੀ ਅਰਾਮਕੋ ਦੂਜੇ ਸਥਾਨ ’ਤੇ ਹੈ ਜਿਸ ਤੋਂ ਬਾਅਦ ਤਿੰਨ ਦੇ ਤਿੰਨ ਵਿਸ਼ਾਲ ਆਕਾਰ ਦੇ ਸਰਕਾਰੀ ਬੈਂਕ ਹਨ। ਤਕਨਾਲੋਜੀ ਕੰਪਨੀ ਅਲਫ਼ਾਬੇਟ (ਗੂਗਲ) ਅਤੇ ਐਪਲ ਕ੍ਰਮਵਾਰ 7ਵੇਂ ਅਤੇ 10ਵੇਂ ਸਥਾਨ ’ਤੇ ਹਨ। ਰਿਲਾਇੰਸ ਇੰਡਸਟਰੀਜ਼ ਨੂੰ 109.43 ਅਰਬ ਅਮਰੀਕੀ ਡਾਲਰ ਦੀ ਵਿਕਰੀ ਅਤੇ 8.3 ਅਰਬ ਅਮਰੀਕੀ ਡਾਲਰ ਦੇ ਲਾਭ ਨਾਲ 45ਵਾਂ ਸਥਾਨ ਮਿਲਿਆ। ਸਮੂਹ ਦਾ ਕਾਰੋਬਾਰ ਤੇਲ ਤੋਂ ਲੈ ਕੇ ਦੂਰਸੰਚਾਰ ਤਕ ਫੈਲਿਆ ਹੋਇਆ ਹੈ।
ਰਿਲਾਇੰਸ ਇੰਡਸਟਰੀਜ਼ ਸੂਚੀ ’ਚ ਜਰਮਨੀ ਦੀ ਬੀ.ਐਮ.ਡਬਲਿਊ. ਸਮੂਹ, ਸਵਿਟਜ਼ਰਲੈਂਡ ਦੇ ਨੈਸਲੇ, ਚੀਨ ਦੇ ਅਲੀਬਾਬਾ ਸਮੂਹ, ਅਮਰੀਕਾ ਪ੍ਰਾਕਟਰ ਐਂਡ ਗੈਂਬਲ ਅਤੇ ਜਾਪਾਨ ਦੀ ਸੋਨੀ ਤੋਂ ਅੱਗੇ ਹੈ। ਸੂਚੀ ’ਚ ਭਾਰਤੀ ਸਟੇਟ ਬੈਂਕ 77ਵੇਂ ਸਥਾਨ ’ਤੇ (2002 ’ਚ 105ਵਾਂ ਸਥਾਨ), ਐਚ.ਡੀ.ਐਫ਼.ਸੀ. ਬੈਂਕ 128ਵੇਂ ਸਥਾਨ (2022 ’ਚ 153ਵਾਂ ਸਥਾਨ) ਅਤੇ ਆਈ.ਸੀ.ਆਈ.ਸੀ.ਆਈ. ਬੈਂਕ 163ਵੇਂ ਸਥਾਨ (2022 ’ਚ 204ਵਾਂ ਸਥਾਨ) ’ਤੇ ਹੈ।
ਹੋਰ ਕੰਪਨੀਆਂ ’ਚ ਓ.ਐਨ.ਜੀ.ਸੀ. 226ਵੇਂ, ਐਲ.ਆਈ.ਸੀ. 363ਵੇਂ, ਟੀ.ਸੀ.ਐਸ. 387ਵੇਂ, ਐਕਸਿਸ ਬੈਂਕ 423ਵੇਂ, ਐਨ.ਟੀ.ਪੀ.ਸੀ. 433ਵੇਂ, ਲਾਰਸਨ ਐਂਡ ਟੁਬਰੋ 449ਵੇਂ, ਭਾਰਤੀ ਏਅਰਟੈੱਲ 478ਵੇਂ, ਕੋਟਰ ਮਹਿੰਦਰਾ ਬੈਂਕ 502ਵੇਂ, ਇੰਡੀਅਨ ਆਇਲ ਕਾਰਪੋਰੇਸ਼ਨ 540ਵੇਂ, ਇਨਫ਼ੋਸਿਸ 554ਵੇਂ ਅਤੇ ਬੈਂਕ ਆਫ਼ ਬੜੌਦਾ 586ਵੇਂ ਸਥਾਨ ’ਤੇ ਹੈ।
ਸੂਚੀ ’ਚ ਕੁਲ 55 ਭਾਰਤੀ ਕੰਪਨੀਆਂ ਸ਼ਾਮਲ ਹਨ। ਅਰਬਪਤੀ ਕਾਰੋਬਾਰੀ ਗੌਤਮ ਅਡਾਨੀ ਦੇ ਸਮੂਹ ਦੀਆਂ ਤਿੰਨ ਕੰਪਨੀਆਂ ਅਡਾਨੀ ਇੰਟਰਪ੍ਰਾਈਸੇਜ (1062ਵਾਂ ਸਥਾਨ), ਅਡਾਨੀ ਪਾਵਰ (1488ਵਾਂ ਸਥਾਨ) ਅਤੇ ਅਡਾਨੀ ਪੋਰਟਸ ਐਂਡ ਸਪੈਸ਼ਲ ਇਕੋਨਾਮਿਕ ਜੋਨ (1598ਵਾਂ ਸਥਾਨ) ਇਸ ਸੂਚੀ ’ਚ ਸ਼ਾਮਲ ਹਨ।