
ਬੈਸਟ ਬੇਕਰੀ ’ਚ ਭੀੜ ਦੇ ਹਮਲੇ ’ਚ 14 ਵਿਅਕਤੀ ਮਾਰੇ ਗਏ ਸਨ
ਮੁੰਬਈ: ਮੁੰਬਈ ਦੀ ਇਕ ਸੈਸ਼ਨ ਅਦਾਲਤ ਨੇ ਸਾਲ 2002 ਦੇ ਗੁਜਰਾਤ ਦੰਗਿਆਂ ਦੌਰਾਨ ਬੈਸਟ ਬੇਕਰੀ ਕਾਂਡ ਦੇ ਦੋ ਮੁਲਜ਼ਮਾਂ ਨੂੰ ਮੰਗਲਵਾਰ ਨੂੰ ਬਰੀ ਕਰ ਦਿਤਾ। ਬੈਸਟ ਬੇਕਰੀ ’ਚ ਭੀੜ ਦੇ ਹਮਲੇ ’ਚ 14 ਵਿਅਕਤੀ ਮਾਰੇ ਗਏ ਸਨ।
ਵਧੀਕ ਸੈਸ਼ਨ ਜੱਜ ਐਮ.ਜੀ. ਦੇਸ਼ਪਾਂਡੇ ਨੇ ਹਰਸ਼ਦ ਸੋਲੰਕੀ ਅਤੇ ਮਫ਼ਤ ਗੋਹਿਲ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿਤਾ।
ਬੈਸਟ ਬੇਕਰੀ ਮਾਮਲੇ ’ਚ ਪਹਿਲੇ ਪੜਾਅ ਦੀ ਸੁਣਵਾਈ ਦੌਰਾਨ ਚਸ਼ਮਦੀਦ ਗਵਾਹਾਂ ਨੇ ਕੁਝ ਮੁਲਜ਼ਮਾਂ ਵਲੋਂ ਨਿਭਾਈ ਭੂਮਿਕਾ ਦੀ ਗਵਾਹੀ ਦਿਤੀ ਸੀ। ਉਸੇ ਦੇ ਆਧਾਰ ’ਤੇ ਉਨ੍ਹਾਂ ਨੂੰ ਦੋਸ਼ੀ ਕਰਾਰ ਦਿਤਾ ਗਿਆ ਸੀ।
ਅਦਾਲਤ ਨੇ ਕਿਹਾ ਕਿ ਇਸ ਮਾਮਲੇ ’ਚ ਇਨ੍ਹਾਂ ਦੋ ਮੁਲਜ਼ਮਾਂ ਵਿਰੁਧ ਅਜਿਹੀ ਕੋਈ ਸਪਸ਼ਟ ਗਵਾਹੀ ਨਹੀਂ ਸਾਹਮਣੇ ਆਈ। ਗੋਧਰਾ ਅਗਨੀ ਕਾਂਡ ਤੋਂ ਦੋ ਦਿਨ ਬਾਅਦ ਇਕ ਮਾਰਚ 2002 ਨੂੰ ਭੀੜ ਨੇ ਵੜੋਦਰਾ ’ਚ ਬੈਸਟ ਬੇਕਰੀ ’ਤੇ ਹਮਲਾ ਕੀਤਾ ਸੀ ਅਤੇ ਉਸ ਨੂੰ ਅੱਗੇ ਦੇ ਹਵਾਲੇ ਕਰ ਦਿਤਾ ਸੀ ਜਿਸ ’ਚ 14 ਵਿਅਕਤੀਆਂ ਦੀ ਮੌਤ ਹੋ ਗਈ ਸੀ।
ਭੀੜ ਨੇ ਉਥੇ ਲੁਕ ਕੇ ਬੈਠੇ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਸੀ ਜਿਨ੍ਹਾਂ ’ਚ ਬੇਕਰੀ ਦਾ ਮਾਲਾ ਸ਼ੇਖ ਪ੍ਰਵਾਰ ਵੀ ਰਹਿੰਦਾ ਸੀ। ਵਡੋਦਰਾ ਦੀ ਇਕ ਅਦਾਲਤ ’ਚ 2003 ਦੇ ਮਾਮਲੇ ’ਚ ਸੁਣਵਾਈ ਤੋਂ ਬਾਅਦ ਸਾਰੇ 21 ਵਿਅਕਤੀਆਂ ਨੂੰ ਬਰੀ ਕਰ ਦਿਤਾ ਸੀ।
ਬਾਅਦ ’ਚ ਗੁਜਰਾਤ ਹਾਈ ਕੋਰਟ ਨੇ ਵੀ ਇਨ੍ਹਾਂ ਦੇ ਬਰੀ ਹੋਣ ਦੀ ਪੁਸ਼ਟੀ ਕੀਤੀ ਸੀ। ਪਰ ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਮੁੰਬਈ ’ਚ ਸੁਣਵਾਈ ਮੁੜ ਸ਼ੁਰੂ ਹੋਣ ਤੋਂ ਬਾਅਦ 2006 ’ਚ 17 ਵਿਅਕਤੀਆਂ ’ਚੋਂ 9 ਨੂੰ ਦੋਸ਼ੀ ਕਰਾਰ ਦਿਤਾ ਗਿਆ ਸੀ।
ਇਨ੍ਹਾਂ ’ਚੋਂ ਪੰਜ ਨੂੰ ਸਬੂਤਾਂ ਦੀ ਕਮੀ ਕਰ ਕੇ ਬਰੀ ਕਰ ਦਿਤਾ ਗਿਆ ਸੀ ਅਤੇ ਚਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।