
77 ਫ਼ੀ ਸਦੀ ਬਜ਼ੁਰਗਾਂ ਦਾ ਕਹਿਣਾ ਹੈ ਕਿ ਪਰਿਵਾਰਕ ਜੀਅ, ਬੱਚੇ, ਰਿਸ਼ਤੇਦਾਰ ਉਨ੍ਹਾਂ ਨੂੰ ਝਿੜਕਦੇ ਹਨ, ਪ੍ਰੇਸ਼ਾਨ ਕਰਦੇ ਹਨ ਜਾਂ ਬੇਇੱਜ਼ਤੀ ਕਰਦੇ ਹਨ
ਨਵੀਂ ਦਿੱਲੀ: ਦੋ ਤਿਹਾਈ ਤੋਂ ਵੱਧ ਬਜ਼ੁਰਗਾਂ ਦਾ ਕਹਿਣਾ ਹੈ ਕਿ ਉਹ ਘਰ ’ਚ ਬੱਚਿਆਂ ਸਮੇਤ ਪਰਿਵਾਰ ਦੇ ਜੀਆਂ ਹੱਥੋਂ ਸੋਸ਼ਣ, ਬੇਇੱਜ਼ਤੀ ਅਤੇ ਦੁਰਵਿਹਾਰ ਦਾ ਸਾਹਮਣਾ ਕਰਦੇ ਹਨ। ‘ਏਜਵੈੱਲ ਫ਼ਾਊਂਡੇਸ਼ਨ’ ਨਾਮਕ ਇਕ ਗ਼ੈਰ ਸਰਕਾਰੀ ਸੰਗਠਨ (ਐਨ.ਜੀ.ਓ.) ਨੇ ਅਪਣੇ ਵਲੰਟੀਅਰਾਂ ਦੇ ਕੌਮੀ ਨੈੱਟਵਰਕ ਰਾਹੀਂ ਜੂਨ ਦੇ ਪਹਿਲੇ ਹਫ਼ਤੇ ’ਚ 5000 ਬਜ਼ੁਰਗਾਂ ’ਤੇ ਕੀਤੇ ਸਰਵੇਖਣ ਦੇ ਆਧਾਰ ’ਤੇ ਇਹ ਨਿਚੋੜ ਕਢਿਆ ਹੈ।
ਇਹ ਸਰਵੇਖਣ ਰੀਪੋਰਟ 15 ਜੂਨ ਦੇ ਵਿਸ਼ਵ ਬਜ਼ੁਰਗ ਸੋਸ਼ਣ ਜਾਗਰੂਕਤਾ ਦਿਵਸ ਤੋਂ ਦੋ ਦਿਨ ਪਹਿਲਾਂ ਮੰਗਲਵਾਰ ਨੂੰ ਜਾਰੀ ਕੀਤੀ ਗਈ। ਏਜਵੈੱਲ ਫ਼ਾਊਂਡੇਸ਼ਨ ਨੇ ਕਿਹਾ ਕਿ ਉਸ ਨੇ ਭਾਰਤ ’ਚ ਬਜ਼ੁਰਗਾਂ ਦੇ ਸੋਸ਼ਣ ਦੀ ਸਥਿਤੀ ਅਤੇ ਉਨ੍ਹਾਂ ਦੇ ਅਧਿਕਾਰਾਂ ’ਤੇ ਜਾਗਰੂਕਤਾ ਬਾਬਤ 5000 ਬਜ਼ੁਰਗਾਂ ਨਾਲ ਰਾਏਸ਼ੁਮਾਰੀ ਕੀਤੀ।
ਰੀਪੋਰਟ ਅਨੁਸਾਰ ਜਿਨ੍ਹਾਂ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਗਈ, ਉਨ੍ਹਾਂ ’ਚ ਦੋ ਤਿਹਾਈ ਤੋਂ ਵੱਧ ਨੇ ਕਿਹਾ ਕਿ ਘਰ ’ਚ ਪਰਿਵਾਰ ਦੇ ਲੋਕ, ਬੱਚੇ, ਰਿਸ਼ਤੇਦਾਰ ਜਾਂ ਹੋਰ ਉਨ੍ਹਾਂ ਨੂੰ ਝਿੜਕਦੇ ਹਨ, ਉਨ੍ਹਾਂ ਨੂੰ ਪ੍ਰੇਸ਼ਾਨ ਕਰਦੇ ਹਨ ਜਾਂ ਉਨ੍ਹਾਂ ਦੀ ਬੇਇੱਜ਼ਤੀ ਕਰਦੇ ਹਨ।
ਰੀਪੋਰਟ ਅਨੁਸਾਰ ਜ਼ਿਆਦਾਤਰ ਬਜ਼ੁਰਗ (ਲਗਭਗ 77 ਫ਼ੀ ਸਦੀ) ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਪਣੇ ਮਨੁੱਖੀ ਅਧਿਕਾਰਾਂ ਦੀ ਜਾਣਕਾਰੀ ਨਹੀਂ ਹੈ ਅਤੇ ਉਨ੍ਹਾਂ ਨਾਲ ਜਦੋਂ ਬੁਰਾ ਵਤੀਰਾ ਕੀਤਾ ਜਾਣ ਲਗਦਾ ਹੈ ਤਾਂ ਉਹ ਇਸ ਦਾ ਵਿਰੋਧ ਨਹੀਂ ਕਰਦੇ ਅਤੇ ਇਹ ਬੁਰਾ ਵਤੀਰਾ ਕਰਨ ਵਾਲਿਆਂ ਦੀ ਆਦਤ ਬਣ ਜਾਂਦੀ ਹੈ।
ਰੀਪੋਰਟ ਅਨੁਸਾਰ ਬਜ਼ੁਰਗ ਹੋਣ ’ਤੇ ਅਪਣੀਆਂ ਜ਼ਰੂਰਤਾਂ ਲਈ ਹੋਰਾਂ ’ਤੇ ਨਿਰਭਰ ਬਜ਼ੁਰਗਾਂ ’ਤੇ ਬੁਰੇ ਵਿਹਾਰ ਦਾ ਖ਼ਤਰਾ ਵੱਧ ਰਹਿੰਦਾ ਹੈ।
ਆਮ ਤੌਰ ’ਤੇ ਵੇਖਿਆ ਗਿਆ ਹੈ ਕਿ ਬਜ਼ੁਰਗਾਂ ਨੂੰ ਵੱਡੇ ਪੱਧਰ ’ਤੇ ਤੰਗ-ਪ੍ਰੇਸ਼ਾਨ ਇਸ ਲਈ ਵੀ ਕੀਤਾ ਜਾਂਦਾ ਹੈ ਕਿਉਂਕਿ ਬਜ਼ੁਰਗਾਂ ਨੂੰ ਪਰਿਵਾਰ ਦੇ ਦੂਰ ਚਲੇ ਜਾਣ ਜਾਂ ਉਨ੍ਹਾਂ ਦਾ ਸਹਿਯੋਗ ਨਾ ਮਿਲਣ ਦਾ ਡਰ ਸਤਾਉਂਦਾ ਹੈ।
ਇਹ ਵੀ ਪੜ੍ਹੋ: ਜੰਗਲਾਤ ਕਰਮਚਾਰੀਆਂ ਦੀ ਭਲਾਈ ਪੰਜਾਬ ਸਰਕਾਰ ਦੀ ਪ੍ਰਮੁੱਖ ਤਰਜੀਹ : ਲਾਲ ਚੰਦ ਕਟਾਰੂਚੱਕ
ਐਨ.ਜੀ.ਓ. ਮੁਤਾਬਕ ਬਜ਼ੁਰਗ ਡਰਦੇ ਹਨ ਕਿ ਜੇਕਰ ਉਨ੍ਹਾਂ ਨੇ ਦੁਰਵਿਹਾਰ ਜਾਂ ਸੋਸ਼ਣ ਦੀ ਚਰਚਾ ਕੀਤੀ ਅਤੇ ਉਸ ਦੀ ਰੀਪੋਰਟ ਕੀਤੀ ਤਾਂ ਉਨ੍ਹਾਂ ਦੇ ਜੀਵਨ ’ਚ ਤਣਾਅ ਆ ਜਾਵੇਗਾ।ਰੀਪੋਰਟ ’ਚ ਕਿਹਾ ਗਿਆ ਹੈ, ‘‘ਬਜ਼ੁਰਗ ਲੋਕਾਂ ਨੂੰ ਬੁੱਢੇ ਹੋਣ ’ਤੇ ਇਕੱਲਾ ਪੈਣ ਜਾਂ ਹਾਸ਼ੀਏ ’ਤੇ ਸੁੱਟ ਦਿਤੇ ਜਾਣ ਦਾ ਡਰ ਸਤਾਉਂਦਾ ਰਹਿੰਦਾ ਹੈ, ਇਸ ਲਈ ਉਹ ਸਮਝੌਤੇ ਨੂੰ ਗਲੇ ਲਗਾ ਲੈਂਦੇ ਹਨ। ਜ਼ਿਆਦਾਤਰ ਪਰਿਵਾਰ ਦੀ ਬਿਹਤਰੀ ਲਈ ਦੁਰਵਿਹਾਰ ਨੂੰ ਨਜ਼ਰਅੰਦਾਜ਼ ਕਰਦੇ ਹਨ।’’
ਰੀਪੋਰਟ ’ਚ ਕਿਹਾ ਗਿਆ ਹੈ ਕਿ ਖ਼ਾਸਕਰ ਬਜ਼ੁਰਗ ਔਰਤਾਂ ਨਾਲ ਦੁਰਵਿਹਾਰ ਦਾ ਖ਼ਤਰਾ ਵੱਧ ਹੁੰਦਾ ਹੈ ਕਿਉਂਕਿ ਉਹ ਅਪਣੀਆਂ ਜ਼ਰੂਰਤਾਂ, ਖ਼ਾਸ ਕਰ ਕੇ ਵਿੱਤੀ ਅਤੇ ਮਨੋਵਿਗਿਆਨਕ ਜ਼ਰੂਰਤਾਂ ਲਈ ਦੂਜਿਆਂ ’ਤੇ ਵੱਧ ਨਿਰਭਰ ਹੁੰਦੀਆਂ ਹਨ।ਏਜਵੈੱਲ ਫ਼ਾਊਂਡੇਸ਼ਨ ਦੇ ਸੰਸਥਾਪਕ ਪ੍ਰਧਾਨ ਹਿਮਾਂਸ਼ੂ ਰਥ ਨੇ ਕਿਹਾ ਕਿ ਬਜ਼ੁਰਗਾਂ ਦੀ ਤੇਜ਼ੀ ਨਾਲ ਵਧਦੀ ਗਿਣਤੀ ਅਤੇ ਛੋਟੇ ਪਰਿਵਾਰਾਂ ਦੀ ਵਧਦੀ ਮਕਬੂਲੀਅਤ ਕਰ ਕੇ ਪੀੜ੍ਹੀਆਂ ਵਿਚਕਾਰ ਖਾਈ ਚੌੜੀ ਹੁੰਦੀ ਜਾ ਰਹੀ ਹੈ ਅਤੇ ਬਜ਼ੁਰਗਾਂ ਨਾਲ ਦੁਰਵਿਹਾਰ ਜ਼ਿਆਦਾਤਰ ਬਜ਼ੁਰਗਾਂ ਦੇ ਸੰਦਰਭ ’ਚ ਆਮ ਗੱਲ ਹੋ ਗਈ ਹੈ।