
ਪੁਲਿਸ ਨੇ ਦਸਿਆ ਕਿ ਦੋਸ਼ੀ ਸੋਨਾਲੀ ਸੇਨ ਪੱਛਮੀ ਬੰਗਾਲ ਦੀ ਰਹਿਣ ਵਾਲੀ ਹੈ ਅਤੇ ਆਪਣੇ ਮਾਤਾ-ਪਿਤਾ ਦੀ ਇਕਲੌਤੀ ਬੱਚੀ ਹੈ
ਬੈਂਗਲੁਰ : ਬੇਂਗਲੁਰੂ ਵਿਚ ਇੱਕ 39 ਸਾਲਾ ਫਿਜ਼ੀਓਥੈਰੇਪਿਸਟ ਨੇ ਕਥਿਤ ਤੌਰ ’ਤੇ ਆਪਣੀ ਮਾਂ ਦੀ ਹੱਤਿਆ ਕਰ ਦਿਤੀ ਅਤੇ ਬਾਅਦ ਵਿਚ ਲਾਸ਼ ਨੂੰ ਸੂਟਕੇਸ ਵਿਚ ਰੱਖ ਕੇ ਆਤਮ ਸਮਰਪਣ ਕਰਨ ਲਈ ਥਾਣੇ ਪਹੁੰਚੀ। ਪੁਲਿਸ ਨੇ ਮੰਗਲਵਾਰ ਨੂੰ ਇਸ ਸਬੰਧੀ ਜਾਣਕਾਰੀ ਦਿਤੀ।
ਪੁਲਿਸ ਨੇ ਦਸਿਆ ਕਿ ਦੋਸ਼ੀ ਸੋਨਾਲੀ ਸੇਨ ਪੱਛਮੀ ਬੰਗਾਲ ਦੀ ਰਹਿਣ ਵਾਲੀ ਹੈ ਅਤੇ ਆਪਣੇ ਮਾਤਾ-ਪਿਤਾ ਦੀ ਇਕਲੌਤੀ ਬੱਚੀ ਹੈ। ਉਨ੍ਹਾਂ ਨੇ ਦਸਿਆ ਕਿ ਉਸ ਦੇ ਪਿਤਾ ਦੀ ਪੰਜ ਸਾਲ ਪਹਿਲਾਂ ਕੋਲਕਾਤਾ ਵਿਚ ਮੌਤ ਹੋ ਗਈ ਸੀ ਅਤੇ ਉਦੋਂ ਤੋਂ ਉਸ ਦੀ ਮਾਂ ਇੱਥੇ ਉਸ ਦੇ ਨਾਲ ਰਹਿ ਰਹੀ ਸੀ।
ਦੱਖਣੀ ਪੂਰਬੀ ਡਵੀਜ਼ਨ ਦੇ ਡਿਪਟੀ ਕਮਿਸ਼ਨਰ ਨੇ ਪੱਤਰਕਾਰਾਂ ਨੂੰ ਦਸਿਆ ਕਿ ਔਰਤ ਨੇ ਕੱਲ੍ਹ ਸਵੇਰੇ 11 ਵਜੇ ਤੋਂ 11.30 ਵਜੇ ਦਰਮਿਆਨ ਆਪਣੀ ਮਾਂ ਦਾ ਕੱਪੜੇ ਨਾਲ ਗਲਾ ਘੁੱਟ ਕੇ ਕਤਲ ਕਰ ਦਿਤਾ ਜਦੋਂ ਉਸ ਦਾ ਪਤੀ ਸ਼ਹਿਰ ਦੇ ਹੇਬਾਗੋਡੀ ਸਥਿਤ ਇੱਕ ਕੰਪਨੀ ਵਿਚ ਕੰਮ ਕਰਨ ਲਈ ਜਾ ਰਿਹਾ ਸੀ।
ਪੁਲਿਸ ਨੇ ਦਸਿਆ ਕਿ ਸੋਨਾਲੀ ਆਪਣੇ ਪਤੀ, ਬੇਟੇ, ਮਾਂ ਬੀਭਾ ਪਾਲ ਅਤੇ ਸੱਸ ਦੇ ਨਾਲ ਸ਼ਹਿਰ ਦੇ ਮਿਕੋ ਲੇਆਉਟ ਦੇ ਬਿਲੇਕਾਹੱਲੀ ਵਿਚ ਇੱਕ ਅਪਾਰਟਮੈਂਟ ਵਿਚ ਪਿਛਲੇ ਪੰਜ ਸਾਲਾਂ ਤੋਂ ਰਹਿ ਰਹੀ ਸੀ।
ਕਮਿਸ਼ਨਰ ਨੇ ਦਸਿਆ ਕਿ ਆਪਣੀ ਮਾਂ ਦੀ ਹੱਤਿਆ ਕਰਨ ਤੋਂ ਬਾਅਦ ਸੇਨ ਨੇ ਲਾਸ਼ ਨੂੰ ਸੂਟਕੇਸ 'ਚ ਪਾ ਕੇ ਮਿਕੋ ਲੇਆਉਟ ਪੁਲਿਸ ਸਟੇਸ਼ਨ ਪਹੁੰਚਾਇਆ, ਜਿਸ ਤੋਂ ਬਾਅਦ ਪੁਲਸ ਸਬ-ਇੰਸਪੈਕਟਰ ਨੇ ਕਤਲ ਦਾ ਮਾਮਲਾ ਦਰਜ ਕਰ ਲਿਆ।
ਉਨ੍ਹਾਂ ਦਸਿਆ ਕਿ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਔਰਤ ਨੇ ਆਪਣੀ ਮਾਂ ਦਾ ਕਤਲ ਕਿਉਂ ਕੀਤਾ।
ਕਮਿਸ਼ਨਰ ਨੇ ਕਿਹਾ, “ਮੈਨੂੰ ਨਹੀਂ ਪਤਾ ਕਿ ਕਤਲ ਕਿਉਂ ਕੀਤਾ ਗਿਆ। ਅਸੀਂ ਉਸ (ਦੋਸ਼ੀ) ਨੂੰ ਹਿਰਾਸਤ ਵਿਚ ਲੈਣਾ ਹੈ। ਉਸ ਨੇ ਫਿਜ਼ੀਓਥੈਰੇਪੀ ਦੀ ਪੜ੍ਹਾਈ ਕੀਤੀ ਹੈ। ਇਹ ਘਰੇਲੂ ਮਾਮਲਾ ਜਾਪਦਾ ਹੈ।"
ਉਨ੍ਹਾਂ ਨੇ ਕਿਹਾ, “ਸੇਨ ਆਪਣੇ ਮਾਪਿਆਂ ਦੀ ਇਕਲੌਤੀ ਧੀ ਹੈ। ਉਹ ਪਿਛਲੇ ਪੰਜ ਸਾਲਾਂ ਤੋਂ ਉਸ ਦੀ (ਉਸਦੀ ਮਾਂ) ਦੀ ਦੇਖਭਾਲ ਕਰ ਰਹੀ ਸੀ। ਪੀੜਤ ਨੂੰ ਕੁਝ ਸਿਹਤ ਸਮੱਸਿਆਵਾਂ ਸਨ। ਜਦੋਂ ਕਤਲ ਹੋਇਆ ਤਾਂ ਉਸ ਦੀ (ਦੋਸ਼ੀ) ਸੱਸ ਅਤੇ ਉਸ ਦਾ ਪੁੱਤਰ ਵੀ ਘਰ ਦੇ ਦੂਜੇ ਕਮਰੇ ਵਿਚ ਸਨ।