
ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਕਿ ਅੱਗ ਕੋਵਿਡ ਵਾਰਡ ਵਿਚ ਆਕਸੀਜਨ ਟੈਂਕ ਵਿਚ ਹੋਏ ਧਮਾਕੇ ਕਾਰਨ ਲੱਗੀ ਸੀ।
ਨਸੀਰੀਆ - ਇਰਾਕ ਦੇ ਦੱਖਣੀ ਸ਼ਹਿਰ ਨਸੀਰੀਆ ਦੇ ਅਲ-ਹੁਸੈਨ ਕੋਵਿਡ ਹਸਪਤਾਲ ਵਿਚ ਸੋਮਵਾਰ ਨੂੰ ਭਿਆਨਕ ਅੱਗ ਲੱਗ ਗਈ। ਇਸ ਵਿਚ 2 ਸਿਹਤ ਕਰਮਚਾਰੀਆਂ ਸਮੇਤ 44 ਲੋਕਾਂ ਦੀ ਮੌਤ ਹੋ ਗਈ ਅਤੇ 67 ਲੋਕ ਜ਼ਖਮੀ ਹੋਏ ਹਨ। ਅੱਗ ਨੂੰ ਤੁਰੰਤ ਕਾਬੂ ਵਿਚ ਕਰ ਲਿਆ ਗਿਆ ਸੀ। ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਕਿ ਅੱਗ ਕੋਵਿਡ ਵਾਰਡ ਵਿਚ ਆਕਸੀਜਨ ਟੈਂਕ ਵਿਚ ਹੋਏ ਧਮਾਕੇ ਕਾਰਨ ਲੱਗੀ ਸੀ।
ਇਹ ਵੀ ਪੜ੍ਹੋ - ਨਵਜੋਤ ਸਿੱਧੂ ਨੇ ਮੁੜ ਘੇਰੇ ਅਕਾਲੀ, ਬੇਅਦਬੀ ਦੇ ਮੁੱਦੇ 'ਤੇ ਬਾਦਲਾਂ ਨੂੰ ਕੀਤੇ ਸਿੱਧੇ ਸਵਾਲ
ਇਸ ਘਟਨਾ ਤੋਂ ਬਾਅਦ ਪ੍ਰਧਾਨ ਮੰਤਰੀ ਮੁਸਤਫਾ ਅਲ-ਕਦੀਮੀ ਨੇ ਸੀਨੀਅਰ ਮੰਤਰੀਆਂ ਦੀ ਬੈਠਕ ਬੁਲਾਈ। ਇਸ ਵਿੱਚ ਨਸੀਰੀਆ ਹਸਪਤਾਲ ਦੇ ਸੁਰੱਖਿਆ ਪ੍ਰਬੰਧਕਾਂ ਨੂੰ ਮੁਅੱਤਲ ਕਰਕੇ ਉਹਨਾਂ ਨੂੰ ਗ੍ਰਿਫ਼ਤਾਰ ਕਰਨ ਦੇ ਆਦੇਸ਼ ਦਿੱਤੇ ਗਏ। ਹਾਦਸੇ ਦੌਰਾਨ ਸਿਹਤ ਕਰਮਚਾਰੀਆਂ ਨੇ ਕੋਵਿਡ ਹਸਪਤਾਲ ਵਿਚੋਂ ਸੜ ਰਹੀਆਂ ਲਾਸ਼ਾਂ ਨੂੰ ਬਾਹਰ ਕੱਢਿਆ। ਇਸ ਦੌਰਾਨ, ਬਾਹਰ ਕੱਢੇ ਗਏ ਬਹੁਤ ਸਾਰੇ ਮਰੀਜ਼ਾਂ ਨੂੰ ਧੂੰਏਂ ਕਾਰਨ ਬੁਰੀ ਤਰ੍ਹਾਂ ਖੰਘ ਲੱਗ ਗਈ।
ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ ਕਿਉਂਕਿ ਅਜੇ ਵੀ ਕਿਹਾ ਜਾ ਰਿਹਾ ਹੈ ਕਿ ਬਹੁਤ ਸਾਰੇ ਲੋਕ ਲਾਪਤਾ ਹਨ। ਇਸ ਤੋਂ ਪਹਿਲਾਂ ਅਪ੍ਰੈਲ ਵਿਚ ਬਗਦਾਦ ਦੇ ਕੋਰੋਨਾ ਹਸਪਤਾਲ ਵਿਚ ਵੀ ਅੱਗ ਲੱਗ ਗਈ ਸੀ, ਜਿਸ ਵਿੱਚ 82 ਵਿਅਕਤੀਆਂ ਦੀ ਮੌਤ ਹੋ ਗਈ ਸੀ, ਜਦਕਿ 110 ਲੋਕ ਜ਼ਖਮੀ ਹੋਏ ਸਨ। ਯੁੱਧ ਅਤੇ ਪਾਬੰਦੀਆਂ ਨਾਲ ਪਹਿਲਾਂ ਹੀ ਤਬਾਹ ਹੋਏ ਇਰਾਕ ਦਾ ਸਿਹਤ ਵਿਭਾਗ ਪਹਿਲਾਂ ਹੀ ਕੋਰੋਨਾ ਵਾਇਰਸ ਨਾਲ ਨਜਿੱਠਣ ਵਿਚ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ। ਹੁਣ ਤੱਕ ਇੱਥੇ 14.38 ਲੱਖ ਤੋਂ ਵੱਧ ਲੋਕ ਇਸ ਮਹਾਂਮਾਰੀ ਨਾਲ ਸੰਕਰਮਿਤ ਹੋਏ ਹਨ, ਜਦੋਂ ਕਿ 17,592 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।