
20 ਸਾਲ ਦੀ ਕਾਲਜ ਵਿਦਿਆਰਥਣ ਦੀ ਸਿਹਤ ਬਹੁਤ ਨਾਜ਼ੁਕ ਹੈ।
ਭੁਵਨੇਸ਼ਵਰ : ਬਾਲਾਸੋਰ ਦੇ ਕਾਲਜ ਕੈਂਪਸ ’ਚ ਕਥਿਤ ਜਿਨਸੀ ਸੋਸ਼ਣ ਦੀ ਘਟਨਾ ਨੂੰ ਲੈ ਕੇ ਖੁਦ ਨੂੰ ਅੱਗ ਲਗਾਉਣ ਵਾਲੀ 20 ਸਾਲ ਦੀ ਕਾਲਜ ਵਿਦਿਆਰਥਣ ਦੀ ਸਿਹਤ ਬਹੁਤ ਨਾਜ਼ੁਕ ਹੈ। ਉਸ ਦਾ ਕਰੀਬ 95 ਫ਼ੀ ਸਦੀ ਸਰੀਰ ਸੜ ਚੁਕਾ ਹੈ।
ਔਰਤ ਨੂੰ ਸਨਿਚਰਵਾਰ ਨੂੰ ਏਮਜ਼ ਭੁਵਨੇਸ਼ਵਰ ਵਿਚ ਦਾਖਲ ਕਰਵਾਇਆ ਗਿਆ ਸੀ ਅਤੇ ਹਸਪਤਾਲ ਦੇ ਅਧਿਕਾਰੀਆਂ ਨੇ ਕਿਹਾ ਕਿ ਅਗਲੇ 48 ਘੰਟੇ ਮਹੱਤਵਪੂਰਨ ਹਨ ਅਤੇ ਪੀੜਤਾ ਵਿਚ ਸੁਧਾਰ ਦੇ ਕੋਈ ਸੰਕੇਤ ਨਹੀਂ ਵਿਖਾਈ ਦੇ ਰਹੇ ਹਨ।
ਏਮਜ਼ ਭੁਵਨੇਸ਼ਵਰ ਦੇ ਕਾਰਜਕਾਰੀ ਨਿਰਦੇਸ਼ਕ ਡਾਕਟਰ ਆਸ਼ੂਤੋਸ਼ ਬਿਸਵਾਸ ਨੇ ਐਤਵਾਰ ਨੂੰ ਪੱਤਰਕਾਰਾਂ ਨੂੰ ਦਸਿਆ, ‘‘ਪੀੜਤ ਦੇ ਸਰੀਰ ਦਾ ਲਗਭਗ 95 ਫ਼ੀ ਸਦੀ ਗੰਭੀਰ ਰੂਪ ਨਾਲ ਝੁਲਸ ਗਿਆ ਹੈ। ਉਸ ਦੇ ਗੁਰਦੇ ਅਤੇ ਫੇਫੜੇ ਵੀ ਪ੍ਰਭਾਵਤ ਹੋਏ ਹਨ। ਉਹ ਇਸ ਸਮੇਂ ਗੰਭੀਰ ਦੇਖਭਾਲ ਸਹਾਇਤਾ ਉਤੇ ਹੈ।’’
ਇਹ ਦਸਦੇ ਹੋਏ ਕਿ ਕਈ ਵਿਭਾਗਾਂ ਦੇ ਡਾਕਟਰ ਵਿਦਿਆਰਥੀ ਦੇ ਇਲਾਜ ਵਿਚ ਲੱਗੇ ਹੋਏ ਹਨ, ਬਿਸਵਾਸ ਨੇ ਕਿਹਾ ਕਿ ਉਸ ਦੇ ਚਿਹਰੇ ਉਤੇ ਕੁੱਝ ਧੱਬਿਆਂ ਨੂੰ ਛੱਡ ਕੇ ਉਸ ਦਾ ਪੂਰਾ ਸਰੀਰ ਸੜ ਗਿਆ ਹੈ।
ਓਡੀਸ਼ਾ ਦੇ ਸਿਹਤ ਅਤੇ ਪਰਵਾਰ ਭਲਾਈ ਮੰਤਰੀ ਮੁਕੇਸ਼ ਮਹਾਲਿੰਗ ਨੇ ਪੀੜਤਾ ਦੇ ਪਰਵਾਰਕ ਜੀਆਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਕਿਹਾ ਕਿ ਓਡੀਸ਼ਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਐਤਵਾਰ ਨੂੰ ਏਮਜ਼ ਭੁਵਨੇਸ਼ਵਰ ’ਚ ਕਾਲਜ ਦੀ ਵਿਦਿਆਰਥਣ ਨਾਲ ਮੁਲਾਕਾਤ ਕਰਨਗੇ ਅਤੇ ਉਸ ਦੀ ਸਿਹਤ ਦਾ ਹਾਲ-ਚਾਲ ਪੁੱਛਣਗੇ।
ਬਾਲਾਸੋਰ ਦੇ ਫਕੀਰ ਮੋਹਨ (ਖੁਦਮੁਖਤਿਆਰ) ਕਾਲਜ ਦੇ ਇੰਟੀਗ੍ਰੇਟਿਡ ਬੀ.ਐਡ. ਪ੍ਰੋਗਰਾਮ ਦੇ ਦੂਜੇ ਸਾਲ ਦੀ ਵਿਦਿਆਰਥਣ ਨੇ ਸਨਿਚਰਵਾਰ ਨੂੰ ਖੁਦ ਨੂੰ ਅੱਗ ਲਗਾ ਲਈ ਸੀ ਅਤੇ ਉਸ ਅਧਿਆਪਕ ਵਿਰੁਧ ਕਾਰਵਾਈ ਦੀ ਮੰਗ ਕੀਤੀ ਸੀ, ਜਿਸ ਨੇ ਉਸ ਦਾ ਕਥਿਤ ਤੌਰ ਉਤੇ ਜਿਨਸੀ ਅਤੇ ਮਾਨਸਿਕ ਸੋਸ਼ਣ ਕੀਤਾ ਸੀ।
ਉੜੀਸਾ ਸਰਕਾਰ ਨੇ ਸਨਿਚਰਵਾਰ ਨੂੰ ਕਾਲਜ ਦੇ ਪ੍ਰਿੰਸੀਪਲ ਨੂੰ ਮੁਅੱਤਲ ਕਰ ਦਿਤਾ ਕਿਉਂਕਿ ਉਹ ਕਾਲਜ ਦੇ ਪ੍ਰਿੰਸੀਪਲ ਵਜੋਂ ਅਪਣੀ ਡਿਊਟੀ ਨਿਭਾਉਣ ਵਿਚ ਅਸਫਲ ਰਹੇ। ਬਾਲਾਓਰ ਪੁਲਿਸ ਨੇ ਸਨਿਚਰਵਾਰ ਨੂੰ ਮੁਲਜ਼ਮ ਅਧਿਆਪਕ ਸਮੀਰਾ ਕੁਮਾਰ ਸਾਹੂ ਨੂੰ ਗ੍ਰਿਫਤਾਰ ਕੀਤਾ। (ਪੀਟੀਆਈ)