
ਇਕ ਨਿੱਜੀ ਕੰਪਨੀ ਦੇ ਕਰਮਚਾਰੀ ਵਿਕਰਮ ਪਧਿਆਰ (22) ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਵਡੋਦਰਾ : ਗੁਜਰਾਤ ਦੇ ਵਡੋਦਰਾ ਜ਼ਿਲ੍ਹੇ ’ਚ ਮਹੀਸਾਗਰ ਨਦੀ ’ਚ ਪੁਲ ਢਹਿਣ ਦੀ ਘਟਨਾ ’ਚ ਲਾਪਤਾ ਇਕ ਵਿਅਕਤੀ ਦੀ ਭਾਲ ਲਈ ਤਲਾਸ਼ੀ ਮੁਹਿੰਮ ਐਤਵਾਰ ਨੂੰ ਵੀ ਜਾਰੀ ਰਹੀ। ਅਧਿਕਾਰੀਆਂ ਨੇ ਦਸਿਆ ਕਿ ਆਨੰਦ ਜ਼ਿਲ੍ਹੇ ਦੇ ਨਰਸਿੰਘਪੁਰ ਪਿੰਡ ਦੇ ਵਸਨੀਕ ਅਤੇ ਇਕ ਨਿੱਜੀ ਕੰਪਨੀ ਦੇ ਕਰਮਚਾਰੀ ਵਿਕਰਮ ਪਧਿਆਰ (22) ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਆਨੰਦ ਅਤੇ ਵਡੋਦਰਾ ਜ਼ਿਲ੍ਹਿਆਂ ਨੂੰ ਜੋੜਨ ਵਾਲੇ ਗੰਭੀਰਾ ਪਿੰਡ ਨੇੜੇ 40 ਸਾਲ ਪੁਰਾਣੇ ਪੁਲ ਦਾ ਇਕ ਹਿੱਸਾ ਬੁਧਵਾਰ ਨੂੰ ਢਹਿ ਜਾਣ ਕਾਰਨ ਕਈ ਗੱਡੀਆਂ ਮਹੀਸਾਗਰ ਨਦੀ ਵਿਚ ਡਿੱਗ ਗਈਆਂ ਸਨ।
ਵਡੋਦਰਾ ਜ਼ਿਲ੍ਹਾ ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਦਸਿਆ ਕਿ ਸਨਿਚਰਵਾਰ ਨੂੰ ਪਧਿਆਰ ਦੀ ਭਾਲ ਦਾ ਕੋਈ ਨਤੀਜਾ ਨਹੀਂ ਨਿਕਲਿਆ ਅਤੇ ਨਦੀ ਦੇ ਉੱਪਰ ਅਤੇ ਹੇਠਲੇ ਪਾਸੇ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਬਚਾਅ ਟੀਮਾਂ ਰਬੜ ਦੀਆਂ ਕਿਸ਼ਤੀਆਂ ਅਤੇ ਹੋਰ ਜ਼ਰੂਰੀ ਸਾਜ਼ੋ-ਸਾਮਾਨ ਨਾਲ ਤਲਾਸ਼ ਕਰ ਰਹੀਆਂ ਹਨ।
ਕੌਮੀ ਆਫ਼ਤ ਪ੍ਰਤੀਕਿਰਿਆ ਬਲ (ਐਨ.ਡੀ.ਆਰ.ਐਫ.), ਰਾਜ ਆਫ਼ਤ ਪ੍ਰਤੀਕਿਰਿਆ ਬਲ (ਐਸਡੀਆਰਐਫ) ਅਤੇ ਹੋਰ ਏਜੰਸੀਆਂ ਤਲਾਸ਼ ਵਿਚ ਸ਼ਾਮਲ ਹਨ।
ਮੰਤਰੀ ਰਿਸ਼ੀਕੇਸ਼ ਪਟੇਲ ਨੇ ਕਿਹਾ ਹੈ ਕਿ ਰਾਜ ਦੇ ਸੜਕ ਅਤੇ ਇਮਾਰਤ ਵਿਭਾਗ ਦੀ ਇਕ ਉੱਚ ਪੱਧਰੀ ਜਾਂਚ ਕਮੇਟੀ 30 ਦਿਨਾਂ ਵਿਚ ਵਿਸਥਾਰਤ ਰੀਪੋਰਟ ਸੌਂਪੇਗੀ। ਉਨ੍ਹਾਂ ਕਿਹਾ ਕਿ ਸੂਬੇ ਦੇ 7,000 ਪੁਲਾਂ ਦਾ ਸਰਵੇਖਣ ਕੀਤਾ ਗਿਆ ਹੈ, ਜਿਨ੍ਹਾਂ ਵਿਚੋਂ ਸਰਕਾਰ ਨੇ ਉਨ੍ਹਾਂ ਪੁਲਾਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਦੀ ਮੁਰੰਮਤ ਦੀ ਜ਼ਰੂਰਤ ਹੈ ਜਾਂ ਨਵੇਂ ਪੁਲ ਦੀ ਉਸਾਰੀ ਦੀ ਜ਼ਰੂਰਤ ਹੈ। ਗੁਜਰਾਤ ਵਿਚ 2021 ਤੋਂ ਲੈ ਕੇ ਹੁਣ ਤਕ ਪੁਲ ਡਿੱਗਣ ਦੀਆਂ ਛੇ ਘਟਨਾਵਾਂ ਹੋਈਆਂ ਹਨ।