
ਭਾਜਪਾ ਦੀ ਰਾਜਨੀਤੀ ਲਈ ਬੁਲਡੋਜ਼ਰ ਜ਼ਰੂਰੀ ਹੈ, ਜਨਤਾ ਲਈ ਐਂਬੂਲੈਂਸ ਨਹੀਂ : ਅਖਿਲੇਸ਼
ਲਖਨਊ: ਉੱਤਰ ਪ੍ਰਦੇਸ਼ ’ਚ ਰਾਜਭਵਨ ਨੇੜੇ ਸਾਢੇ ਚਾਰ ਮਹੀਨੇ ਦੀ ਗਰਭਵਤੀ ਔਰਤ ਨੇ ਐਤਵਾਰ ਨੂੰ ਸੜਕ ਕਿਨਾਰੇ ਬੱਚੇ ਨੂੰ ਜਨਮ ਦਿਤਾ। ਭਰੂਣ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿਤਾ ਗਿਆ। ਇਸ ਬਾਰੇ ਡਾਕਟਰਾਂ ਨੇ ਜਾਣਕਾਰੀ ਦਿਤੀ।
ਇਸ ਘਟਨਾ ਦੀ ਇਕ ਵੀਡੀਉ ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਸਮਾਜਵਾਦੀ ਪਾਰਟੀ ਦੇ ਨੇਤਾ ਸ਼ਿਵਪਾਲ ਯਾਦਵ ਨੇ ਉੱਤਰ ਪ੍ਰਦੇਸ਼ ’ਚ ਸਿਹਤ ਸੇਵਾਵਾਂ ਦੀ ਸਥਿਤੀ ’ਤੇ ਤਿੱਖੀ ਪ੍ਰਤੀਕਿਰਿਆ ਦਿਤੀ ਹੈ।
ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਬ੍ਰਜੇਸ਼ ਪਾਠਕ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਸੂਬੇ ਦਾ ਸਿਹਤ ਵਿਭਾਗ ਵੀ ਪਾਠਕ ਕੋਲ ਹੈ। ਉਨ੍ਹਾਂ ਕਿਹਾ, ‘‘ਮੈਂ ਘਟਨਾ ਦਾ ਨੋਟਿਸ ਲੈ ਲਿਆ ਹੈ ਅਤੇ ਮੈਂ ਘਟਨਾ ਸਥਾਨ ’ਤੇ ਜਾ ਰਿਹਾ ਹਾਂ। ਪ੍ਰਮੁੱਖ ਸਕੱਤਰ ਨੇ ਮੈਨੂੰ ਦਸਿਆ ਹੈ ਕਿ ਇਹ ਪਰਿਵਾਰ ਰਿਕਸ਼ਾ ਵਿਚ ਜਾ ਰਿਹਾ ਸੀ ਅਤੇ ਇਹ ਘਟਨਾ ਰਾਜ ਭਵਨ ਦੇ ਗੇਟ ਨੰਬਰ 13 ਨੇੜੇ ਵਾਪਰੀ।’’
ਭਰੂਣ ਨੂੰ ਵੀਰਾਂਗਨਾ ਝਲਕਾਰੀ ਬਾਈ ਵੂਮੈਨ ਐਂਡ ਚਿਲਡਰਨ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਬਾਅਦ ’ਚ ਉਨ੍ਹਾਂ ਨੂੰ ਲਖਨਊ ਦੇ ਬਾਂਕੁੰਤਧਾਮ ’ਚ ਦਫ਼ਨਾਇਆ ਗਿਆ। ਹਸਪਤਾਲ ਦੇ ਡਿਲੀਵਰੀ ਰੂਮ ਵਿਚ ਤਾਇਨਾਤ ਇਕ ਡਾਕਟਰ ਨੇ ਦਸਿਆ ਕਿ ਘਟਨਾ ਤੋਂ ਬਾਅਦ ਦੁਪਹਿਰ ਕਰੀਬ 12.30 ਵਜੇ ਰੂਪਾ ਸੋਨੀ ਨਾਂ ਦੀ ਔਰਤ ਦੀ ਜਾਂਚ ਕੀਤੀ ਗਈ।
ਉਸ ਨੇ ਕਿਹਾ, ‘‘ਦਿਨ ਸਮੇਂ ਦਰਦ ਮਹਿਸੂਸ ਕਰਨ ਤੋਂ ਬਾਅਦ, ਉਹ ਲਖਨਊ ਦੇ ਸ਼ਿਆਮਾ ਪ੍ਰਸਾਦ ਮੁਖਰਜੀ ਸਦਰ ਹਸਪਤਾਲ ਗਈ ਸੀ, ਜਿੱਥੇ ਉਸ ਨੂੰ ਟੀਕਾ ਲਗਾਇਆ ਗਿਆ ਸੀ। ਉਹ ਘਰ ਚਲੀ ਗਈ ਪਰ ਆਰਾਮ ਨਾ ਮਿਲਿਆ।’’ ਡਾਕਟਰ ਨੇ ਕਿਹਾ, ‘‘ਉਹ ਇੱਥੇ ਆ ਰਹੀ ਸੀ, ਅਤੇ ਰਸਤੇ ’ਚ ਉਸ ਨੇ ਰਾਜ ਭਵਨ ਦੇ ਬਾਹਰ ਬੱਚੇ ਨੂੰ ਜਨਮ ਦਿਤਾ। ਬੱਚੇ ਨੂੰ ਮਰਿਆ ਹੋਇਆ ਲਿਆਂਦਾ ਗਿਆ।’’
ਪਾਠਕ ਨੇ ਕਿਹਾ, ‘‘ਔਰਤ ਨੇ ਹਸਪਤਾਲ ਜਾਣ ਲਈ ਐਂਬੂਲੈਂਸ ਨਹੀਂ ਮੰਗੀ ਅਤੇ ਰਿਕਸ਼ਾ ’ਤੇ ਜਾਣ ਦਾ ਫੈਸਲਾ ਕੀਤਾ, ਪਰ ਰਾਜ ਭਵਨ ਨੇੜੇ ਲੰਘ ਰਹੇ ਲੋਕਾਂ ਨੇ ਐਂਬੂਲੈਂਸ ਮੰਗੀ ਅਤੇ ਇਹ 25 ਮਿੰਟਾਂ ’ਚ ਪਹੁੰਚ ਗਈ।’’ ਹਾਲਾਂਕਿ ਇਸ ਮਾਮਲੇ ’ਚ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਕਿਹਾ ਕਿ ਇਹ ਘਟਨਾ ਐਂਬੂਲੈਂਸ ਨਾ ਮਿਲਣ ਕਾਰਨ ਵਾਪਰੀ ਹੈ।
ਸੜਕ ’ਤੇ ਬੱਚੇ ਨੂੰ ਜਨਮ ਦੇਣ ਵਾਲੀ ਔਰਤ ਦੇ ਵੀਡੀਉ ਨੂੰ ਸਾਂਝਾ ਕਰਦੇ ਹੋਏ, ਅਖਿਲੇਸ਼ ਨੇ ਐਕਸ (ਪਹਿਲਾਂ ਟਵਿੱਟਰ) ’ਤੇ ਪੋਸਟ ਕੀਤਾ, ‘‘ਇਕ ਤਾਂ ਯੂ.ਪੀ. ਦੀ ਰਾਜਧਾਨੀ ਲਖਨਊ, ਉਸ ’ਤੇ ਰਾਜਭਵਨ ਸਾਹਮਣੇ ਫਿਰ ਵੀ ਐਂਬੂਲੈਂਸ ਦੇ ਨਾ ਪੁੱਜਣ ਕਾਰਨ ਇਕ ਗਰਭਵਤੀ ਔਰਤ ਨੂੰ ਸੜਕ ’ਤੇ ਬੱਚੇ ਨੂੰ ਜਨਮ ਦੇਣਾ ਪਿਆ।’’ ਉਨ੍ਹਾਂ ਕਿਹਾ, ‘‘ਮੁੱਖ ਮੰਤਰੀ ਇਸ ’ਤੇ ਕੁਝ ਕਹਿਣਾ ਚਾਹੁਣਗੇ ਜਾਂ ਇਹ ਕਹਿਣਾ ਚਾਹੁਣਗੇ ਕਿ ਸਾਡੀ ਭਾਜਪਾ ਦੀ ਰਾਜਨੀਤੀ ਲਈ ਬੁਲਡੋਜ਼ਰ ਜ਼ਰੂਰੀ ਹੈ, ਜਨਤਾ ਲਈ ਐਂਬੂਲੈਂਸ ਨਹੀਂ'।’’
ਅਖਿਲੇਸ਼ ਤੋਂ ਪਹਿਲਾਂ, ਸਮਾਜਵਾਦੀ ਪਾਰਟੀ ਦੇ ਜਨਰਲ ਸਕੱਤਰ ਸ਼ਿਵਪਾਲ ਯਾਦਵ ਨੇ ਵੀ ਤਿੱਖੀ ਪ੍ਰਤੀਕਿਰਿਆ ਦਿਤੀ ਅਤੇ ਟਵਿੱਟਰ ’ਤੇ ਇਕ ਪੋਸਟ ਵਿਚ ਕਿਹਾ, ‘‘ਰਾਜ ਦੀ ਸਿਹਤ ਪ੍ਰਣਾਲੀ ਲੱਖਾਂ ਇਸ਼ਤਿਹਾਰਾਂ ਅਤੇ ਦਾਅਵਿਆਂ ਦੇ ਬਾਵਜੂਦ ਵੈਂਟੀਲੇਟਰ ’ਤੇ ਹੈ। ਜਦੋਂ ਰਿਕਸ਼ਾ ਰਾਹੀਂ ਹਸਪਤਾਲ ਜਾ ਰਹੀ ਗਰਭਵਤੀ ਔਰਤ ਨੂੰ ਐਂਬੂਲੈਂਸ ਨਾ ਮਿਲਣ ਕਾਰਨ ਰਾਜ ਭਵਨ ਨੇੜੇ ਸੜਕ ’ਤੇ ਜਣੇਪੇ ਲਈ ਮਜਬੂਰ ਹੋਣਾ ਪਿਆ, ਤਾਂ ਇਹ ਪੂਰੇ ਸਿਸਟਮ ਲਈ ਸ਼ਰਮਨਾਕ ਹੈ ਅਤੇ ਸੂਬੇ ਦੇ ਸਿਹਤ ਸਿਸਟਮ ਦੀ ਅਸਲ ਹਕੀਕਤ ਹੈ।’’