
ਪੁਲਿਸ ਨੇ ਰਿਸ਼ਤੇਦਾਰਾਂ ਦੀ ਸ਼ਿਕਾਇਤ 'ਤੇ ਐਫਆਈਆਰ ਕੀਤੀ ਦਰਜ
ਚੰਡੀਗੜ੍ਹ: ਹਰਿਆਣਾ ਦੇ ਸੋਨੀਪਤ ਦੀ ਇੱਕ ਯੂਨੀਵਰਸਿਟੀ ਵਿੱਚ 19 ਸਾਲਾ ਵਿਦਿਆਰਥੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੇ ਨਾਲ ਹੀ ਵਿਦਿਆਰਥੀ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੇ ਸੀਨੀਅਰਾਂ 'ਤੇ ਰੈਗਿੰਗ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮ੍ਰਿਤਕ ਵਿਦਿਆਰਥੀ ਰੈਗਿੰਗ ਦਾ ਸਾਹਮਣਾ ਕਰ ਰਿਹਾ ਸੀ ਅਤੇ ਪਰੇਸ਼ਾਨ ਸੀ।
ਗੁਜਰਾਤ ਦੇ ਵਡੋਦਰਾ ਦਾ ਰਹਿਣ ਵਾਲਾ ਸੰਸਕਰ ਚਤੁਰਵੇਦੀ ਯੂਨੀਵਰਸਿਟੀ ਵਿੱਚ ਬਿਜ਼ਨਸ ਐਡਮਿਨਿਸਟ੍ਰੇਸ਼ਨ ਦੇ ਦੂਜੇ ਸਾਲ ਦਾ ਵਿਦਿਆਰਥੀ ਸੀ। ਪੁਲਿਸ ਨੇ ਦੱਸਿਆ ਕਿ ਰਿਸ਼ਤੇਦਾਰਾਂ ਦੀ ਸ਼ਿਕਾਇਤ 'ਤੇ ਐਫਆਈਆਰ ਦਰਜ ਕਰ ਲਈ ਗਈ ਹੈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਸੋਨੀਪਤ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਵਿਦਿਆਰਥੀ ਦੇ ਚਚੇਰੇ ਭਰਾ ਸਮਰਥ ਚਤੁਰਵੇਦੀ ਨੇ ਕਿਹਾ, "ਸਾਨੂੰ ਨਹੀਂ ਪਤਾ ਕਿ ਉਸ ਦੀ ਮੌਤ ਦਾ ਕਾਰਨ ਕੀ ਸੀ। ਉਹ ਤਣਾਅ ਵਿੱਚ ਸੀ ਕਿਉਂਕਿ ਉਹ ਯੂਨੀਵਰਸਿਟੀ ਵਿੱਚ ਰੈਗਿੰਗ ਦਾ ਸਾਹਮਣਾ ਕਰ ਰਿਹਾ ਸੀ। ਉਸ ਦੀ ਮੌਤ ਦੇ ਪਿੱਛੇ ਦੇ ਹਾਲਾਤਾਂ ਦੀ ਜਾਂਚ ਹੋਣੀ ਚਾਹੀਦੀ ਹੈ।
ਅਸੀਂ ਅਧਿਕਾਰੀਆਂ ਤੋਂ ਉਸਦੀ ਮੌਤ ਦਾ ਕਾਰਨ ਪਤਾ ਲਗਾਉਣ ਦੀ ਮੰਗ ਕਰਦੇ ਹਾਂ। ਪੁਲਿਸ ਅਧਿਕਾਰੀ ਨੇ ਕਿਹਾ, "ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ ਅਤੇ ਹਰ ਸੰਭਵ ਪਹਿਲੂਆਂ 'ਤੇ ਵਿਚਾਰ ਕਰ ਰਹੇ ਹਾਂ।