
ਸੀ.ਬੀ.ਆਈ. ਨੇ ਪੁਣੇ ਤੋਂ 22 ਸਾਲਾਂ ਦੇ ਨੌਜੁਆਨ ਨੂੰ ਕੀਤਾ ਗ੍ਰਿਫ਼ਤਾਰ
ਨਵੀਂ ਦਿੱਲੀ: ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਦੋ ਲਾਪਤਾ ਮਨੀਪੁਰੀ ਵਿਦਿਆਰਥੀਆਂ ਦੇ ਮਾਮਲੇ ’ਚ ਮੁੱਖ ਸਾਜ਼ਸ਼ਕਰਤਾ ਹੋਣ ਦੇ ਸ਼ੱਕ ’ਚ ਪੁਣੇ ਤੋਂ ਇਕ 22 ਸਾਲਾਂ ਦੇ ਨੌਜੁਆਨ ਨੂੰ ਗ੍ਰਿਫਤਾਰ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਦੋਹਾਂ ਵਿਦਿਆਰਥੀਆਂ ਦਾ ਕਤਲ ਕੀਤਾ ਗਿਆ ਹੈ। ਅਧਿਕਾਰੀਆਂ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ।
ਉਨ੍ਹਾਂ ਕਿਹਾ ਕਿ ਸੀ.ਬੀ.ਆਈ. ਦੀ ਵਿਸ਼ੇਸ਼ ਟੀਮ ਨੇ ਪਾਓਲੁਨਮਾਂਗ ਨੂੰ ਬੁਧਵਾਰ ਨੂੰ ਪੁਣੇ ਤੋਂ ਗ੍ਰਿਫ਼ਤਾਰ ਕੀਤਾ ਅਤੇ ਅਦਾਲਤ ’ਚ ਪੇਸ਼ ਕਰਨ ਲਈ ਗੁਹਾਟੀ ਲੈ ਗਈ। ਉਸ ਨੇ ਦਸਿਆ ਕਿ ਵਿਸ਼ੇਸ਼ ਅਦਾਲਤ ਨੇ ਉਸ ਨੂੰ 16 ਅਕਤੂਬਰ ਤਕ ਸੀ.ਬੀ.ਆਈ. ਹਿਰਾਸਤ ’ਚ ਭੇਜ ਦਿਤਾ ਹੈ।
ਉਨ੍ਹਾਂ ਕਿਹਾ ਕਿ ਸੀ.ਬੀ.ਆਈ. ਨੂੰ ਸ਼ੱਕ ਹੈ ਕਿ ਪਾਓਲੁਨਮੈਂਗ ਇਸ ਮਾਮਲੇ ’ਚ ਮੁੱਖ ਸਾਜ਼ਸ਼ਕਰਤਾ ਹੈ। ਕੇਂਦਰੀ ਏਜੰਸੀ ਨੇ 1 ਅਕਤੂਬਰ ਨੂੰ ਇਸ ਮਾਮਲੇ ’ਚ ਦੋ ਵਿਅਕਤੀਆਂ, ਪਾਓਮਿਨਲੁਨ ਹਾਓਕਿਪ, ਸਮਾਲਸਮ ਹਾਓਕਿਪ ਅਤੇ ਦੋ ਔਰਤਾਂ, ਲਿੰਗਨੇਚੌਂਗ ਬਾਏਟੇਕੁਕੀ, ਟਿਨੀਲਿੰਗ ਹੇਨਥਾਂਗ ਨੂੰ ਗ੍ਰਿਫਤਾਰ ਕੀਤਾ ਸੀ।
ਫਿਜ਼ਾਮ ਹੇਮਨਜੀਤ (20) ਅਤੇ 17 ਸਾਲਾਂ ਦੀ ਕੁੜੀ ਹਿਜ਼ਾਮ ਲਿਨਥੋਇੰਗੰਬੀ 6 ਜੁਲਾਈ ਨੂੰ ਲਾਪਤਾ ਹੋ ਗਏ ਸਨ। ਕਥਿਤ ਤੌਰ ’ਤੇ ਉਨ੍ਹਾਂ ਦੀ ਲਾਸ਼ ਰੱਖਣ ਵਾਲੀਆਂ ਤਸਵੀਰਾਂ 25 ਸਤੰਬਰ ਨੂੰ ਸਾਹਮਣੇ ਆਈਆਂ, ਜਿਸ ਨਾਲ ਮਨੀਪੁਰ ’ਚ ਮੁੱਖ ਤੌਰ ’ਤੇ ਵਿਦਿਆਰਥੀਆਂ ਵਲੋਂ ਹਿੰਸਕ ਪ੍ਰਦਰਸ਼ਨ ਹੋਏ।