
ਕਿਹਾ, ਅਦਾਲਤਾਂ ਧਿਆਨ ਦੇਣ, ਧਾਰਾ 163 ਵਰਗੀਆਂ ਧਾਰਾਵਾਂ ਨੂੰ ਸਥਾਈ ਤੌਰ ’ਤੇ ਕਿਵੇਂ ਲਾਗੂ ਕੀਤਾ ਜਾ ਸਕਦਾ ਹੈ?
ਨਵੀਂ ਦਿੱਲੀ : ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਨੂੰ ਸੰਵਿਧਾਨ ਦੀ ਛੇਵੀਂ ਅਨੁਸੂਚੀ ’ਚ ਸ਼ਾਮਲ ਕਰਨ ਦੀ ਮੰਗ ਨੂੰ ਲੈ ਕੇ 6 ਅਕਤੂਬਰ ਤੋਂ ਲੱਦਾਖ ਭਵਨ ਦੇ ਬਾਹਰ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ’ਤੇ ਬੈਠੇ ਜਲਵਾਯੂ ਕਾਰਕੁਨ ਸੋਨਮ ਵਾਂਗਚੁਕ ਦੀ ਅਗਵਾਈ ’ਚ ਦਿੱਲੀ ਪੁਲਿਸ ਨੇ ਐਤਵਾਰ ਨੂੰ ਕਰੀਬ 20 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ’ਚ ਲੈ ਲਿਆ।
ਇਸ ਦੌਰਾਨ ਵਾਂਗਚੁਕ ਨੇ ਇਕ ਵੀਡੀਉ ਸੰਦੇਸ਼ ’ਚ ਕਿਹਾ ਕਿ ਦਿੱਲੀ ਪੁਲਿਸ ਨੇ ਉਨ੍ਹਾਂ ਦੇ ਕਈ ਸਮਰਥਕਾਂ ਨੂੰ ਹਿਰਾਸਤ ’ਚ ਲਿਆ ਹੈ। ਉਨ੍ਹਾਂ ਇਹ ਵੀ ਸਵਾਲ ਕੀਤਾ ਕਿ ਬਿਨਾਂ ਇਜਾਜ਼ਤ ਦੇ ਇਕ ਇਕੱਠ ਨੂੰ ਰੋਕਣ ਲਈ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (ਬੀ.ਐੱਨ.ਐੱਸ.ਐੱਸ.) ਦੀ ਧਾਰਾ 163 ਨਵੀਂ ਦਿੱਲੀ ਖੇਤਰ ਵਿਚ ਸਥਾਈ ਤੌਰ ’ਤੇ ਲਾਗੂ ਕਿਉਂ ਹੈ? ਵਾਂਗਚੁਕ ਨੇ ਸੰਦੇਸ਼ ’ਚ ਕਿਹਾ, ‘‘ਅੱਜ ਸਵੇਰੇ ਸ਼ਾਂਤੀਪੂਰਨ ਪ੍ਰਦਰਸ਼ਨ ’ਚ ਹਿੱਸਾ ਲੈਣ ਲਈ ਕਈ ਲੋਕ ਆਏ। ਇਹ ਸੱਚਮੁੱਚ ਦੁਖਦਾਈ ਹੈ ਕਿ ਉਨ੍ਹਾਂ ਨੂੰ ਦਿੱਲੀ ਪੁਲਿਸ ਨੇ ਹਿਰਾਸਤ ’ਚ ਲੈ ਲਿਆ ਹੈ। ਇਹ ਦੁਖਦਾਈ ਹੈ ਕਿਉਂਕਿ ਇਹ ਦੁਨੀਆਂ ਦੇ ਸੱਭ ਤੋਂ ਵੱਡੇ ਲੋਕਤੰਤਰ ’ਚ ਹੋਇਆ ਹੈ, ਅਸੀਂ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਵੀ ਨਹੀਂ ਕਰ ਸਕਦੇ।’’ ਵਾਂਗਚੁਕ ਨੇ ਕਿਹਾ, ‘‘ਇਹ ਸਾਡੇ ਲੋਕਤੰਤਰ ’ਤੇ ਧੱਬਾ ਹੈ ਅਤੇ ਅਦਾਲਤਾਂ ਨੂੰ ਵੀ ਇਸ ’ਤੇ ਧਿਆਨ ਦੇਣਾ ਚਾਹੀਦਾ ਹੈ। ਅਜਿਹੀਆਂ ਧਾਰਾਵਾਂ ਨੂੰ ਸਥਾਈ ਤੌਰ ’ਤੇ ਕਿਵੇਂ ਲਾਗੂ ਕੀਤਾ ਜਾ ਸਕਦਾ ਹੈ?’’
ਇਕ ਪ੍ਰਦਰਸ਼ਨਕਾਰੀ ਨੇ ਦਸਿਆ ਕਿ ਹਿਰਾਸਤ ’ਚ ਲਏ ਗਏ ਪ੍ਰਦਰਸ਼ਨਕਾਰੀਆਂ ਨੂੰ ਮੰਦਰ ਮਾਰਗ ਥਾਣੇ ਲਿਜਾਇਆ ਗਿਆ। ਪੁਲਿਸ ਨੇ ਪਹਿਲਾਂ ਕਿਹਾ ਸੀ ਕਿ ਵਾਂਗਚੁਕ ਹਿਰਾਸਤ ’ਚ ਲਏ ਗਏ ਲੋਕਾਂ ’ਚ ਸ਼ਾਮਲ ਸਨ ਪਰ ਬਾਅਦ ’ਚ ਡੀ.ਸੀ.ਪੀ. ਨੇ ਸਪੱਸ਼ਟ ਕੀਤਾ ਕਿ ਹਿਰਾਸਤ ’ਚ ਲਏ ਗਏ ਲੋਕਾਂ ’ਚ ਜਲਵਾਯੂ ਕਾਰਕੁਨ ਸ਼ਾਮਲ ਨਹੀਂ ਸਨ। ਪੁਲਿਸ ਡਿਪਟੀ ਕਮਿਸ਼ਨਰ (ਨਵੀਂ ਦਿੱਲੀ) ਦੇਵੇਸ਼ ਮਾਹਲਾ ਨੇ ਕਿਹਾ, ‘‘ਅਸੀਂ ਲੱਦਾਖ ਭਵਨ ਦੇ ਬਾਹਰੋਂ ਕੁੱਝ ਵਿਦਿਆਰਥੀਆਂ ਨੂੰ ਹਿਰਾਸਤ ’ਚ ਲਿਆ ਹੈ। ਸੋਨਮ ਵਾਂਗਚੁਕ ਉਨ੍ਹਾਂ ਵਿਚੋਂ ਨਹੀਂ ਹੈ।’’
ਰੈਮਨ ਮੈਗਸੇਸੇ ਪੁਰਸਕਾਰ ਜੇਤੂ ਜਲਵਾਯੂ ਕਾਰਕੁਨ ਨੇ ਅਪਣੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ’ਤੇ ਹਿਰਾਸਤ ਦੀ ਵੀਡੀਉ ਵੀ ਸਾਂਝੀ ਕੀਤੀ।