
ਬੱਸ ਚਾਲਕ ਮੌਕੇ ਤੋਂ ਚਲਦੀ ਬੱਸ ਛੱਡ ਕੇ ਹੋਇਆ ਫਰਾਰ
ਉੜਮੁੜ : ਸ਼ੁੱਕਰਵਾਰ ਸਵੇਰੇ 6 ਕੁ ਵਜੇ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ 'ਤੇ ਪੈਂਦੇ ਦਾਰਾਪੁਰ ਬਾਈਪਾਸ ਨੇੜੇ ਇੰਡੀਅਨ ਆਇਲ ਪੈਟਰੋਲ ਪੰਪ ਕੋਲ ਤੇਜ਼ ਰਫਤਾਰ ਬੇਕਾਬੂ ਬੱਸ ਦੀ ਲਪੇਟ 'ਚ ਆਉਣ ਕਾਰਨ ਸਕੂਟਰੀ ਸਵਾਰ ਪਿਉ-ਪੁੱਤਰ ਦੀ ਮੌਕੇ 'ਤੇ ਮੌਤ ਹੋ ਗਈ ਜਦਕਿ ਬੇਕਾਬੂ ਬੱਸ ਸੜਕ 'ਤੇ ਬਣੇ ਡਿਵਾਈਡਰ 'ਤੇ ਚਡ਼੍ਹ ਕੇ ਸੜਕ ਵਿਚਕਾਰ ਪਲਟ ਗਈ। ਬੱਸ ਵਿਚ ਸਵਾਰ ਸਵਾਰੀਆਂ 'ਚੋਂ ਚਾਰ ਲੋਕ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ। ਜਿੰਨ੍ਹਾਂ ਨੂੰ ਤੁਰੰਤ ਸਰਬੱਤ ਦਾ ਭਲਾ ਸੇਵਾ ਸੁਸਾਇਟੀ ਮੂਨਕਾਂ ਦੇ ਸੇਵਾਦਾਰਾਂ ਵਲੋਂ ਆਪਣੀ ਐਂਬੂਲੈਂਸ ਰਾਹੀਂ ਸਰਕਾਰੀ ਹਸਪਤਾਲ ਟਾਂਡਾ ਪਹੁੰਚਾਇਆ ਗਿਆ। ਮ੍ਰਿਤਕ ਪਿਉ-ਪੁੱਤਰ ਦੀ ਪਛਾਣ ਕਸ਼ਮੀਰ ਲਾਲ ਪੁੱਤਰ ਤੇਜੂ ਰਾਮ ਤੇ ਵਿਪੁਨ ਕੁਮਾਰ ਉਰਫ ਪਿਰਥੀ ਪੁੱਤਰ ਕਸ਼ਮੀਰ ਲਾਲ ਵਾਸੀ ਬੋਦਲ ਕੋਟਲੀ ਹਾਲ ਵਾਸੀ ਸੰਤ ਨਗਰ ਦਾਰਾਪੁਰ ਟਾਂਡਾ ਵਜੋਂ ਹੋਈ। ਜ਼ਖ਼ਮਮੀਆਂ ਦੀ ਪਛਾਣ ਬਾਲ ਕ੍ਰਿਸ਼ਨ, ਰਾਕੇਸ਼ ਕੁਮਾਰ, ਸੁਭਾਸ਼ ਚੰਦਰ ਤੇ ਸਾਕਸ਼ੀ ਸਾਰੇ ਵਾਸੀ ਜੰਮੂ ਵਜੋਂ ਹੋਈ। ਵਿਪਨ ਕੁਮਾਰ ਉਰਫ ਪਿਰਥੀ ਦਾ 9 ਦਸੰਬਰ ਨੂੰ ਵਿਆਹ ਰੱਖਿਆ ਹੋਇਆ ਸੀ।
crime
ਜਾਣਕਾਰੀ ਅਨੁਸਾਰ ਇਕ ਨਿੱਜੀ ਕੰਪਨੀ ਦੀ ਸਵਾਰੀ ਬੱਸ ਵੀਰਵਾਰ ਰਾਤ ਦਿੱਲੀ ਤੋਂ ਜੰਮੂ ਜਾ ਰਹੀ ਸੀ। ਜਦੋਂ ਉਕਤ ਬੱਸ ਸ਼ੁੱਕਰਵਾਰ ਸਵੇਰੇ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ 'ਤੇ ਪੈਂਦੇ ਦਾਰਾਪੁਰ ਬਾਈਪਾਸ ਟਾਂਡਾ ਉੜਮੁੜ ਸਥਿਤ ਪੈਟਰੋਲ ਪੰਪ ਨੇਡ਼ੇ ਪੁੱਜੀ ਤਾਂ ਤੇਜ਼ ਰਫਤਾਰ ਕਾਰਨ ਬੇਕਾਬੂ ਹੋਈ ਬੱਸ ਨੇ ਅੱਗੇ ਇਕ ਸਕੂਟਰੀ ਸਵਾਰ ਪਿਉ-ਪੁੱਤਰ ਨੂੰ ਲਪੇਟ 'ਚ ਲੈ ਲਿਆ ਜਿਸ ਕਾਰਨ ਪਿਉ-ਪੁੱਤਰ ਦੀ ਮੌਕੇ 'ਤੇ ਮੌਤ ਹੋ ਗਈ। ਬੱਸ ਦਾ ਡਰਾਈਵਰ ਮੌਕੇ 'ਤੇ ਚੱਲਦੀ ਬੱਸ ਨੂੰ ਛੱਡ ਕੇ ਫਰਾਰ ਹੋ ਗਿਆ।
Accidentਮੌਕੇ 'ਤੇ ਇਕੱਠੇ ਹੋਏ ਰਾਹਗੀਰਾਂ ਵਲੋਂ ਬੜੀ ਮੁਸ਼ਕਲ ਨਾਲ ਬੱਸ ਦਾ ਇੱਜਣ ਬੰਦ ਕੀਤਾ ਗਿਆ ਤੇ ਸਰਬੱਤ ਦਾ ਭਲਾ ਸੇਵਾ ਸੁਸਾਇਟੀ ਮੂਨਕਾਂ ਦੀ ਸਹਾਇਤਾ ਨਾਲ ਜ਼ਖ਼ਮੀ ਬੱਸ ਮੁਸਾਫਰਾਂ ਨੂੰ ਸਰਕਾਰੀ ਹਸਪਤਾਲ ਟਾਂਡਾ ਪਹੁੰਚਾਇਆ , ਜਿੱਥੇ ਡਾਕਟਰਾਂ ਵਲੋਂ ਜ਼ਖ਼ਮੀਆਂ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਹੁਸ਼ਿਆਰਪੁਰ ਰੈਫਰ ਕਰ ਦਿੱਤਾ ਗਿਆ। ਹਾਦਸੇ ਦੀ ਸੂਚਨਾ ਮਿਲਣ 'ਤੇ ਐੱਸਐੱਚੳ ਟਾਂਡਾ ਬਿਕਰਮ ਸਿੰਘ ਪੁਲਿਸ ਪਾਰਟੀ ਨਾਲ ਮੌਕੇ 'ਤੇ ਪੁੱਜੇ। ਮ੍ਰਿਤਕ ਪਿਉ-ਪੁੱਤਰ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈਣ ਤੋਂ ਬਾਅਦ ਸੜਕ ਵਿਚਕਾਰ ਪਲਟੀ ਬੱਸ ਨੂੰ ਸਾਇਡ ਕੀਤਾ ਤੇ ਬੰਦ ਟਰੈਫਿਕ ਨੂੰ ਬਹਾਲ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।