
ਖੁਫੀਆ ਏਜੰਸੀਆਂ ਨੇ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਦੇ ਪਿਛੋਕੜ ਦਾ ਪਤਾ ਲਗਾਉਣ ਲਈ ਹਰਕਤ ਵਿੱਚ ਆ ਗਈ ਹੈ।
ਨਵੀਂ ਦਿੱਲੀ: ਮੋਗਾ ਜ਼ਿਲ੍ਹੇ ਦੇ ਇੱਕ 22 ਸਾਲਾ ਨੌਜਵਾਨ ਨੂੰ ਦਿੱਲੀ ਪੁਲਿਸ ਨੇ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਤਸਕਰੀ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਕੋਲ 9 ਪਿਸਤੌਲ,18 ਮੈਗਜ਼ੀਨ ਅਤੇ ਵੱਡੀ ਮਾਤਰਾ ਵਿਚ ਜਿੰਦਾ ਕਾਰਤੂਸ ਬਰਾਮਦ ਹੋਏ ਹਨ।
ਬਾਹਰੀ ਉੱਤਰੀ ਜ਼ਿਲ੍ਹੇ ਦੇ ਡੀਸੀਪੀ ਦੇਵੇਸ਼ ਮਾਹਲਾ ਦੇ ਅਨੁਸਾਰ, 8 ਨਵੰਬਰ ਦੀ ਸ਼ਾਮ ਨੂੰ ਮੁਕਰਬਾ ਚੌਕ ਤੋਂ ਚੈਕਿੰਗ ਦੌਰਾਨ ਇੱਕ ਅਸਲਾ ਸਪਲਾਇਰ ਨੂੰ ਫੜਿਆ ਗਿਆ ਸੀ। ਉਸ ਸਮੇਂ ਉਹ ਆਪਣੇ ਦੋ ਸਾਥੀਆਂ ਸਮੇਤ ਮੁਕਰਬਾ ਚੌਕ ਵਿਖੇ ਮੌਜੂਦ ਸੀ। ਫੜੇ ਗਏ ਵਿਅਕਤੀ ਦੀ ਪਛਾਣ 22 ਸਾਲਾ ਜਸਵਿੰਦਰ ਉਰਫ ਸੌਰਭ ਵਜੋਂ ਹੋਈ ਹੈ। ਜੋ ਕਿ ਮੋਗਾ, ਪੰਜਾਬ ਦਾ ਰਹਿਣ ਵਾਲਾ ਹੈ। ਇਸ ਦੌਰਾਨ ਉਸ ਦੇ 2 ਸਾਥੀ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਏ। ਇਹ ਸਾਰੇ ਮੁਲਜ਼ਮ ਆਜ਼ਾਦਪੁਰ ਤੋਂ ਸਿੰਘੂ ਬਾਰਡਰ ਵੱਲ ਜਾ ਰਹੇ ਸਨ।
ਇਸ ਮਾਮਲੇ 'ਚ ਦੋ ਫਰਾਰ ਦੋਸ਼ੀਆਂ ਅਜੇ ਅਤੇ ਪ੍ਰਿਯਾਂਸ਼ੂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਇਹ ਪਤਾ ਲਗਾ ਰਹੀ ਹੈ ਕਿ ਇਹ ਲੋਕ ਹਥਿਆਰ ਕਿੱਥੋਂ ਲੈ ਕੇ ਆਏ ਸਨ ਅਤੇ ਕਿੱਥੇ ਲੈ ਕੇ ਜਾ ਰਹੇ ਸਨ। ਗ੍ਰਿਫ਼ਤਾਰ ਮੁਲਜ਼ਮਾਂ ਤੋਂ ਹੋਰ ਏਜੰਸੀਆਂ ਵੱਲੋਂ ਵੀ ਪੁੱਛਗਿੱਛ ਕੀਤੀ ਗਈ। ਹਾਲਾਂਕਿ, ਹੁਣ ਤੱਕ ਕਿਸੇ ਅੱਤਵਾਦੀ ਸਬੰਧ ਦਾ ਪਤਾ ਨਹੀਂ ਲੱਗਾ ਹੈ। ਪੰਜਾਬ ਪੁਲਿਸ ਤੋਂ ਲੈ ਕੇ ਦਿੱਲੀ ਪੁਲਿਸ ਇਸ ਮਾਮਲੇ ਦੀ ਜਾਂਚ ਦੇ ਅੰਤ ਤੱਕ ਲਗਾਤਾਰ ਤਲਾਸ਼ ਕਰ ਰਹੀ ਹੈ। ਸੁਰੱਖਿਆ ਏਜੰਸੀਆਂ ਦੇ ਅਧਿਕਾਰੀਆਂ ਨੇ ਮੁਲਜ਼ਮ ਤੋਂ ਪੁੱਛਗਿੱਛ ਵੀ ਕੀਤੀ ਹੈ।
ਜਿਸ ਤਰ੍ਹਾਂ ਪੰਜਾਬ 'ਚ ਹਥਿਆਰਾਂ ਦੀ ਖੇਪ ਲਗਾਤਾਰ ਬਰਾਮਦ ਹੋ ਰਹੀ ਹੈ, ਉਸ ਦੇ ਮੱਦੇਨਜ਼ਰ ਪੁਲਿਸ ਕੋਈ ਢਿੱਲ ਨਹੀਂ ਵਰਤਣਾ ਚਾਹੁੰਦੀ। ਦੋਵਾਂ ਫਰਾਰ ਮੁਲਜ਼ਮਾਂ ਨੂੰ ਫੜਨ ਲਈ ਦਿੱਲੀ ਅਤੇ ਪੰਜਾਬ ਵਿੱਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਦਿੱਲੀ ਪੁਲਿਸ ਨੇ ਉਸ ਦੇ ਖ਼ਿਲਾਫ਼ ਆਰਮਜ਼ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮੁੱਢਲੀ ਜਾਂਚ ਦੌਰਾਨ ਜਸਵਿੰਦਰ ਨੇ ਦਿੱਲੀ ਪੁਲਿਸ ਨੂੰ ਖੁਲਾਸਾ ਕੀਤਾ ਹੈ ਕਿ ਉਹ ਅਤੇ ਉਸਦੇ ਸਾਥੀ ਪੰਜਾਬ, ਹਰਿਆਣਾ ਅਤੇ ਦਿੱਲੀ ਖੇਤਰਾਂ ਵਿੱਚ ਕਈ ਅਪਰਾਧਾਂ ਵਿੱਚ ਸ਼ਾਮਲ ਸਨ। ਉਸ ਕੋਲੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਕਿਉਂਕਿ ਉਸ ਕੋਲੋਂ ਭਾਰੀ ਮਾਤਰਾ ਵਿਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਹੋਇਆ ਹੈ। ਦਿੱਲੀ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਉਹ ਗੈਂਗਸਟਰਾਂ ਤੋਂ ਇਲਾਵਾ ਅੱਤਵਾਦੀਆਂ ਨੂੰ ਵੀ ਹਥਿਆਰ ਅਤੇ ਗੋਲਾ ਬਾਰੂਦ ਸਪਲਾਈ ਕਰਦਾ ਸੀ।ਇਸ ਦੌਰਾਨ ਮੋਗਾ ਵਿੱਚ ਸਥਾਨਕ ਪੁਲਿਸ ਅਤੇ ਖੁਫੀਆ ਏਜੰਸੀਆਂ ਨੇ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਦੇ ਪਿਛੋਕੜ ਦਾ ਪਤਾ ਲਗਾਉਣ ਲਈ ਹਰਕਤ ਵਿੱਚ ਆ ਗਈ ਹੈ।