ਬਾਬਰੀ ਮਸਜਿਦ ਢਾਹੇ ਜਾਣ ਦੀ ਬਰਸੀ ਮੌਕੇ ਕਰਨਾ ਸੀ ਵੱਡਾ ਧਮਾਕਾ, ਗਣਤੰਤਰ ਦਿਵਸ ’ਤੇ ਵੀ ਧਮਾਕਿਆਂ ਦੀ ਸੀ ਸਾਜ਼ਿਸ਼
Red Fort blast News in punjabi : ਦਿੱਲੀ ਦੇ ਲਾਲ ਕਿਲੇ ਨੇੜੇ ਹੋਏ ਧਮਾਕੇ ਦੇ ਮਾਮਲੇ ’ਚ ਇਕ ਸ਼ੱਕੀ ਲਾਲ ਰੰਗ ਦੀ ਫੋਰਡ ਈਕੋਸਪੋਰਟ ਕਾਰ ਨੂੰ ਜ਼ਬਤ ਕਰ ਲਿਆ ਗਿਆ ਹੈ। ਕਾਰ ਹਰਿਆਣਾ ਦੇ ਜ਼ਿਲ੍ਹੇ ਫ਼ਰੀਦਾਬਾਦ ਦੇ ਖੰਡਾਵਾਲੀ ਇਲਾਕੇ ਵਿਚ ਮਿਲੀ। ਫਰੀਦਾਬਾਦ ਪੁਲਿਸ ਦੇ ਬੁਲਾਰੇ ਨੇ ਇਸ ਦੀ ਪੁਸ਼ਟੀ ਕੀਤੀ। ਇਸ ਦੌਰਾਨ ਧਮਾਕੇ ਦੀ ਸੀ.ਸੀ.ਟੀ.ਵੀ. ਫੁਟੇਜ ਸਾਹਮਣੇ ਆਈ ਹੈ ਅਤੇ ਇਹ ਵੀ ਪਤਾ ਲੱਗਾ ਹੈ ਕਿ ਉਮਰ ਨਬੀ ਨੇ 6 ਦਸੰਬਰ ਨੂੰ ਹਮਲੇ ਦੀ ਯੋਜਨਾ ਬਣਾਈ ਸੀ।
ਇਸ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਇਸ ਕਾਰ ਦਾ ਪਤਾ ਲਗਾਉਣ ਲਈ ਕੌਮੀ ਰਾਜਧਾਨੀ ਦੇ ਸਾਰੇ ਥਾਣਿਆਂ, ਚੌਕੀਆਂ ਅਤੇ ਸਰਹੱਦੀ ਚੌਕੀਆਂ ਉਤੇ ਅਲਰਟ ਜਾਰੀ ਕੀਤਾ ਸੀ। ਅਲਰਟ ਇਸ ਜਾਂਚ ਤੋਂ ਬਾਅਦ ਜਾਰੀ ਕੀਤਾ ਗਿਆ ਸੀ ਕਿ ਧਮਾਕੇ ਵਿਚ ਵਰਤੀ ਗਈ ਹੁੰਡਈ ਆਈ-20 ਨਾਲ ਪਹਿਲਾਂ ਹੀ ਜੁੜੇ ਹੋਰ ਸ਼ੱਕੀ ਲੋਕਾਂ ਕੋਲ ਇਕ ਹੋਰ ਲਾਲ ਰੰਗ ਦੀ ਕਾਰ ਵੀ ਸੀ। ਸੂਤਰਾਂ ਨੇ ਦਸਿਆ ਕਿ ਲਾਲ ਰੰਗ ਦੀ ਫੋਰਡ ਈਕੋਸਪੋਰਟ ਡਾ. ਉਮਰ ਉਨ ਨਬੀ ਦੇ ਨਾਮ ਉਤੇ ਰਜਿਸਟਰਡ ਹੈ, ਜੋ ਧਮਾਕੇ ਤੋਂ ਪਹਿਲਾਂ ਕਥਿਤ ਤੌਰ ਉਤੇ ਕਾਰ ਚਲਾ ਰਿਹਾ ਸੀ।
ਸ਼ੱਕ ਸੀ ਕਿ ਇਸ ਵਾਹਨ ਦੀ ਵਰਤੋਂ ਡਾ. ਉਮਰ ਉਨ ਨਬੀ ਨੇ ਜਾਸੂਸੀ ਦੀਆਂ ਗਤੀਵਿਧੀਆਂ ਲਈ ਕੀਤੀ ਸੀ। ਇਸ ਦੌਰਾਨ ਧਮਾਕੇ ਦੇ ਸਹੀ ਪਲ ਨੂੰ ਕੈਦ ਕਰਨ ਵਾਲੀ ਸੀ.ਸੀ.ਟੀ.ਵੀ. ਫੁਟੇਜ ਬੁਧਵਾਰ ਨੂੰ ਸਾਹਮਣੇ ਆਈ। ਲਾਲ ਕਿਲ੍ਹੇ ਦੀਆਂ ਲਾਇਟਾਂ ਉਤੇ ਲਗਾਏ ਗਏ ਨਿਗਰਾਨੀ ਕੈਮਰੇ ਵਲੋਂ ਰੀਕਾਰਡ ਕੀਤੇ ਗਏ ਇਸ ਦਿ੍ਰਸ਼ ਵਿਚ ਅਚਾਨਕ ਅੱਗ ਲੱਗਣ ਤੋਂ ਪਹਿਲਾਂ ਟ੍ਰੈਫਿਕ ਦੀਆਂ ਹਰਕਤਾਂ ਵਿਖਾਈ ਦਿਤੀਆਂ।
ਮੰਨਿਆ ਜਾ ਰਿਹਾ ਹੈ ਕਿ ਇਹ ਕਾਰ ਹਰਿਆਣਾ ਦੇ ਫਰੀਦਾਬਾਦ ਸਥਿਤ ਅਲ-ਫਲਾਹ ਯੂਨੀਵਰਸਿਟੀ ਦਾ ਸਹਾਇਕ ਪ੍ਰੋਫੈਸਰ ਡਾ. ਉਮਰ ਨਬੀ ਚਲਾ ਰਿਹਾ ਸੀ। ਇਹ ਵੀ ਸਾਹਮਣੇ ਆਇਆ ਸੀ ਕਿ ਡਾ. ਉਮਰ ਨਬੀ ਨੇ ਬਾਬਰੀ ਮਸਜਿਦ ਢਾਹੁਣ ਦੀ ਬਰਸੀ 6 ਦਸੰਬਰ ਮੌਕੇ ਉਤੇ ਇਕ ਤਾਕਤਵਰ ਧਮਾਕੇ ਦੀ ਯੋਜਨਾ ਬਣਾਈ ਸੀ। ਦਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ’ਚ ਰਹਿਣ ਵਾਲੇ 28 ਸਾਲ ਦੇ ਡਾ. ਉਮਰ ਦੀ ਯੋਜਨਾ ਫਰੀਦਾਬਾਦ ਦੀ ਅਲ ਫਲਾਹ ਯੂਨੀਵਰਸਿਟੀ ਵਿਚ ਪੜ੍ਹਾਉਣ ਵਾਲੇ ਡਾ. ਮੁਜ਼ਮਿਲ ਅਹਿਮਦ ਗਨਾਈ ਉਰਫ ਮੁਸਾਇਬ ਦੀ ਗਿ੍ਰਫਤਾਰੀ ਨਾਲ ਅਸਫਲ ਹੋ ਗਈ।
ਤੁਰਕੀ ਜਾਣ ਮਗਰੋਂ ਕੱਟੜਪੰਥੀ ਬਣਿਆ ਸੀ ਡਾ. ਉਮਰ
ਅਧਿਕਾਰੀਆਂ ਮੁਤਾਬਕ ਉਮਰ ਇਕੱਲਾ ਸੀ ਅਤੇ ਉਸ ਦਾ ਸ਼ਾਨਦਾਰ ਅਕਾਦਮਿਕ ਰੀਕਾਰਡ ਸੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਜੰਮੂ-ਕਸ਼ਮੀਰ ਪੁਲਿਸ ਵਲੋਂ ਗਿ੍ਰਫਤਾਰ ਕੀਤੇ ਗਏ ਅੱਠ ਲੋਕਾਂ ’ਚੋਂ ਪਹਿਲੇ ਗਨਾਈ ਨਾਲ ਉਮਰ ਦੀ 2021 ਵਿਚ ਤੁਰਕੀ ਦੀ ਯਾਤਰਾ ਨੇ ਉਸ ਵਿਚ ਨਾਟਕੀ ਤਬਦੀਲੀ ਲਿਆਂਦੀ ਅਤੇ ਇਹੀ ਉਸ ਦੇ ਕੱਟੜਪੰਥੀ ਹੋਣ ਦਾ ਕਾਰਨ ਬਣਿਆ।
ਇਹ ਮੰਨਿਆ ਜਾਂਦਾ ਹੈ ਕਿ ਦੋਵੇਂ ਯਾਤਰਾ ਦੌਰਾਨ ਪਾਬੰਦੀਸ਼ੁਦਾ ਜੈਸ਼ ਦੇ ਜ਼ਮੀਨੀ ਕਰਮਚਾਰੀਆਂ ਨਾਲ ਮਿਲੇ ਸਨ। ਯਾਤਰਾ ਤੋਂ ਬਾਅਦ, ਇਕ ਬਦਲੇ ਹੋਏ ਉਮਰ ਨੇ ਕਥਿਤ ਤੌਰ ਉਤੇ ਅਮੋਨੀਅਮ ਨਾਈਟ੍ਰੇਟ, ਪੋਟਾਸ਼ੀਅਮ ਨਾਈਟ੍ਰੇਟ ਅਤੇ ਸਲਫਰ ਸਮੇਤ ਵਿਸਫੋਟਕ ਇਕੱਠੇ ਕਰਨਾ ਸ਼ੁਰੂ ਕਰ ਦਿਤਾ ਅਤੇ ਉਨ੍ਹਾਂ ਨੂੰ ਅਲ ਫਲਾਹ ਕੈਂਪਸ ਵਿਚ ਅਤੇ ਇਸਦੇ ਆਸ ਪਾਸ ਸਟੋਰ ਕਰਨਾ ਸ਼ੁਰੂ ਕਰ ਦਿਤਾ ਜਿੱਥੇ ਉਹ ਉੱਚ ਸਿਖਿਆ ਪ੍ਰਾਪਤ ਕਰ ਰਿਹਾ ਸੀ।
