
ਚਿੱਲਾ ਬਾਰਡਰ ਤੇ ਕਿਸਾਨਾਂ ਨੇ ਧਰਨਾ ਪ੍ਰਦਰਸ਼ਨ ਦੇ ਚੱਲਦਿਆਂ ਪਹਿਲੀ ਦਸੰਬਰ ਤੋਂ ਨੌਇਡਾ-ਦਿੱਲੀ ਲਿੰਕ ਰੋਡ ਬੰਦ ਸੀ।
ਨਵੀਂ ਦਿੱਲੀ: ਦਿੱਲੀ ਵਿਚ ਕਿਸਾਨਾਂ ਵਲੋਂ ਲਗਾਤਾਰ ਧਰਨਾ ਪ੍ਰਦਰਸ਼ਨ ਚਲ ਰਿਹਾ ਹੈ। ਇਸ ਦੌਰਾਨ ਹੁਣ ਨੌਇਡਾ ਨੂੰ ਦਿੱਲੀ ਨਾਲ ਜੋੜਨ ਵਾਲੀ ਇਕ ਮੁੱਖ ਸੜਕ ਨੂੰ ਦੇਰ ਰਾਤ ਫਿਰ ਤੋਂ ਖੋਲ੍ਹ ਦਿੱਤਾ ਗਿਆ। ਦੱਸ ਦੇਈਏ ਕਿ ਚਿੱਲਾ ਬਾਰਡਰ ਤੇ ਕਿਸਾਨਾਂ ਨੇ ਧਰਨਾ ਪ੍ਰਦਰਸ਼ਨ ਦੇ ਚੱਲਦਿਆਂ ਪਹਿਲੀ ਦਸੰਬਰ ਤੋਂ ਨੌਇਡਾ-ਦਿੱਲੀ ਲਿੰਕ ਰੋਡ ਬੰਦ ਸੀ।
ਨੌਇਡਾ ਦੇ ਡੀਸੀਪੀ ਰਾਜੇਸ਼ ਐਸ ਨੇ ਦੇਰ ਰਾਤ ਦੱਸਿਆ, ਕਿਸਾਨ ਪ੍ਰਦਰਸ਼ਨ ਸਥਾਨ ਖਾਲੀ ਕਰਨ ਲਈ ਤਿਆਰ ਹੋ ਗਏ ਹਨ। ਹੁਣ ਇਹ ਸੜਕ ਫਿਰ ਤੋਂ ਖੁੱਲ੍ਹ ਜਾਵੇਗੀ। ਹਾਲਾਂਕਿ ਕੁਝ ਪ੍ਰਦਰਸ਼ਨਕਾਰੀ ਅਜੇ ਵੀ ਉੱਥੇ ਮੌਜੂਦ ਹਨ ਪਰ ਉਹ ਜਲਦੀ ਹੀ ਸੜਕ ਖਾਲੀ ਕਰ ਦੇਣਗੇ। ਦਰਅਸਲ ਪਿਛਲੇ ਕਈ ਦਿਨਾਂ ਤੋਂ ਕਿਸਾਨ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਡਟੇ ਹੋਏ ਹਨ ਤੇ ਕਈ ਮੁੱਖ ਸੜਕਾਂ ਬੰਦ ਹਨ।
ਜ਼ਿਕਰਯੋਗ ਹੈ ਕਿ ਅੱਜ ਰਾਜਸਥਾਨ ਦੇ ਸ਼ਾਹਜਹਾਂਪੁਰ ਤੋਂ ਕਿਸਾਨ ਦਿੱਲੀ ਲਈ ਕੂਚ ਕਰਨ ਵਾਲੇ ਹਨ। ਐਤਵਾਰ ਕਿਸਾਨ ਦਿੱਲੀ ਨੂੰ ਸੀਲ ਕਰਨ ਦੀ ਪੂਰੀ ਤਿਆਰੀ ਕਰੀ ਬੈਠੇ ਹਨ। ਪੰਜਾਬ ਤੇ ਹਰਿਆਣਾ ਤੋਂ ਦਿੱਲੀ ਲਈ ਕਿਸਾਨਾਂ ਦਾ ਜਥਾ ਨਿੱਕਲ ਚੁੱਕਾ ਹੈ। ਉੱਥੇ ਹੀ ਦਿੱਲੀ-ਨੌਇਡਾ ਦਾ ਚਿੱਲਾ ਬਾਰਡਰ 12 ਦਿਨ ਬਾਅਦ ਖੋਲ੍ਹ ਦਿੱਤਾ ਗਿਆ ਹੈ। ਕਿਸਾਨ ਖੇਤੀ ਕਾਨੂੰਨ ਰੱਦ ਕਰਨ ਦੀ ਆਪਣੀ ਮੰਗ 'ਤੇ ਅਜੇ ਵੀ ਅੜੇ ਹੋਏ ਹਨ। ਇਸ ਦੌਰਾਨ ਅੱਜ ਕਿਸਾਨ ਲੀਡਰ ਦਿੱਲੀ-ਜੈਪੁਰ ਹਾਈਵੇਅ ਬੰਦ ਕਰਾਉਣਗੇ।