
ਪੂਰੇ ਦੇਸ਼ ਵਿਚ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਅੱਗੇ ਰੋਸ ਮੁਜ਼ਾਹਰੇ ਹੋਣਗੇ।
ਚੰਡੀਗੜ੍ਹ: ਦਿੱਲੀ ਦੀਆਂ ਸਰਹੱਦਾਂ 'ਤੇ ਕੇਂਦਰੀ ਖੇਤੀ ਕਾਨੂੰਨਾਂ ਵਿਰੁਧ ਕਿਸਾਨਾਂ ਦਾ ਅੰਦੋਲਨ 18ਵੇਂ ਦਿਨ ਵਿਚ ਦਾਖ਼ਲ ਹੋ ਚੁੱਕਾ ਹੈ। ਅੱਜ ਜਿਥੇ ਪੰਜਾਬ ਤੋਂ ਇਲਾਵਾ ਹਰਿਆਣਾ ਵਿਚ ਵੀ ਬਹੁਤੇ ਥਾਵਾਂ 'ਤੇ ਟੋਲ ਪਲਾਜ਼ੇ ਫ਼ਰੀ ਕੀਤੇ ਗਏ ਉਥੇ ਸ਼ਾਮ ਨੂੰ 32 ਕਿਸਾਨ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਤੋਂ ਬਾਅਦ ਅਗਲੇ ਪ੍ਰੋਗਰਾਮਾਂ ਦਾ ਵੀ ਐਲਾਨ ਕੀਤਾ ਗਿਆ। ਕੇਂਦਰ ਦੀ ਕਿਸਾਨਾਂ ਪ੍ਰਤੀ ਉਪਰਾਮਤਾ ਵੇਖ ਕੇ ਕਿਸਾਨਾਂ ਨੇ ਇਕ ਦਿਨ ਦੀ ਭੁੱਖ ਹੜਤਾਲ ਤੇ ਅਣਮਿਥੇ ਸਮੇਂ ਦੀ ਭੁੱਖ ਹੜਤਾਲ ਤੇ ਜਾਣ ਦਾ ਵੀ ਅੇਲਾਨ ਕਰ ਦਿਤਾ ਹੈ। ਅਣਮਿਥੇ ਸਮੇਂ ਦੀ ਭੁੱਖ ਹੜਤਾਲ ਦਾ ਐਲਾਨ ਹਰਿਆਣਵੀ ਕਿਸਾਨ ਆਗੂ ਗੁਰਨਾਮ ਸਿੰਘ ਚਡੂਨੀ ਨੇ ਕੀਤਾ ਹੈ। ਕਿਸਾਨਾਂ ਨੇ ਅਪਣੇ ਅੰਦੋਲਨ ਨੂੰ ਹੋਰ ਤੇਜ਼ ਕਰਨ ਦਾ ਫ਼ੈਸਲਾ ਕੀਤਾ ਹੈ।
farmer
ਕਿਸਾਨ ਜਥੇਬੰਦੀਆਂ ਨੇ ਇਹ ਵੀ ਸਪਸ਼ਟ ਕਰ ਦਿਤਾ ਹੈ ਕਿ ਉੁਹ ਕੇਂਦਰ ਸਰਕਾਰ ਨਾਲ ਮੁੜ ਗੱਲਬਾਤ ਲਈ ਤਿਆਰ ਹਨ ਪਰ ਇਹ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਨੂੰ ਲੈ ਕੇ ਹੀ ਹੋਵੇਗੀ। ਹਾਲੇ ਤਕ ਕਿਸਾਨ ਜਥੇਬੰਦੀਆਂ ਨੂੰ ਕੋਈ ਲਿਖਤੀ ਸੱਦਾ ਨਹੀਂ ਆਇਆ ਪਰ ਕਿਸਾਨ ਆਗੂਆਂ ਨੇ ਕਿਹਾ ਕਿ ਲਿਖਤੀ ਸੱਦਾ ਆਉਣ ਬਾਅਦ ਹੀ ਵਿਚਾਰ ਕਰ ਕੇ ਗੱਲਬਾਤ ਦਾ ਫ਼ੈਸਲਾ ਕੀਤਾ ਜਾਵੇਗਾ।
Farmers Protest
ਪਤਾ ਲੱਗਾ ਹੈ ਕਿ ਕੇਂਦਰ ਸਰਕਾਰ ਮੁੜ ਗੱਲਬਾਤ ਸ਼ੁਰੂ ਕਰਨ ਦੇ ਯਤਨ ਵਿਚ ਹੈ ਅਤੇ ਇਹ ਮੀਟਿੰਗ 15 ਦਸੰਬਰ ਨੂੰ ਹੋ ਸਕਦੀ ਹੈ। ਇਹ ਵੀ ਸਪਸ਼ਟ ਹੋ ਗਿਆ ਹੈ ਕਿ ਕੇਂਦਰ ਤੇ ਕਿਸਾਨ ਜਥੇਬੰਦੀਆਂ ਆਪੋ ਅਪਣੇ ਸਟੈਂਡ 'ਤੇ ਅੜੀਆਂ ਹੋਈਆਂ ਹਨ। ਜਿਥੇ ਕੇਂਦਰ ਸੋਧਾਂ ਵਿਚ ਹੋਰ ਸੋਧਾਂ ਕਰਨ ਲਈ ਤਿਆਰ ਹੈ ਪਰ ਕਾਨੂੰਨ ਰੱਦ ਨਹੀਂ ਕਰਨਾ ਚਾਹੁੰਦਾ, ਉਥੇ ਕਿਸਾਨ ਤਿੰਨ ਕਾਨੂੰਨ ਰੱਦ ਕਰਨ ਤੋਂ ਬਿਨਾਂ ਹੋਰ ਕੋਈ ਵਿਚਕਾਰ ਦਾ ਹੱਲ ਮੰਜ਼ੂਰ ਕਰਨ ਨੂੰ ਤਿਆਰ ਨਹੀਂ।
Farmers Protest
ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਅੱਜ ਅਗਲੇ ਪ੍ਰੋਗਰਾਮ ਦਾ ਐਲਾਨ ਕਰਦਿਆਂ ਕਿਹਾ ਕਿ 14 ਦਸੰਬਰ ਨੂੰ ਸਾਰੇ ਪ੍ਰਮੁੱਖ ਆਗੂ ਭੁੱਖ ਹੜਤਾਲ 'ਤੇ ਬੈਠਣਗੇ। ਇਸੇ ਦਿਨ ਪੂਰੇ ਦੇਸ਼ ਵਿਚ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਅੱਗੇ ਰੋਸ ਮੁਜ਼ਾਹਰੇ ਹੋਣਗੇ।
farmer protest
ਜੈਪੁਰ ਦਿੱਲੀ ਮਾਰਗ ਵੀ ਜਾਮ ਕੀਤਾ ਜਾਵੇਗਾ ਜਿਸ ਲਈ ਸ਼ਾਹਜ਼ਾਹਪੁਰ ਤੋਂ ਰਾਜਸਥਾਨ ਤੇ ਯੂ.ਪੀ. ਦੇ ਹਜ਼ਾਰਾਂ ਕਿਸਾਨ ਦਿੱਲੀ ਵੱਲ ਕੂਚ ਕਰਨਗੇ। ਦੂਜੇ ਪਾਸੇ ਹਰਿਆਣਾ ਸਰਕਾਰ ਨੇ ਅੱਜ ਮੁੜ ਰੋਕਾਂ ਲਾ ਕੇ ਪੰਜਾਬ ਤੇ ਹੋਰ ਰਾਜਾਂ ਵਲੋਂ ਆ ਰਹੇ ਕਿਸਾਨਾਂ ਨੂੰ ਰੋਕਣ ਦਾ ਯਤਨ ਕੀਤਾ ਪਰ ਕਿਸਾਨਾਂ ਨੇ ਮੁੜ ਬੈਰੀਕੇਡ ਹਟਾ ਦਿਤੇ। ਪੰਜਾਬ ਤੋਂ ਅੰਮ੍ਰਿਤਸਰ, ਤਰਨਤਾਰਨ ਤੇ ਫ਼ਿਰੋਜ਼ਪੁਰ ਤੋਂ ਆ ਰਹੀਆਂ ਸੈਂਕੜੇ ਟਰੈਕਟਰ ਟਰਾਲੀਆਂ ਨੂੰ ਖਨੌਰੀ ਬਾਰਡਰ 'ਤੇ ਵੱਡੇ ਵੱਡੇ ਪੱਥਰ ਲਾ ਕੇ ਰੋਕਣ ਦਾ ਯਤਨ ਕੀਤਾ ਗਿਆ ਪਰ ਇਹ ਪੱਥਰ ਹਟਾ ਕੇ ਕਿਸਾਨ ਦਿੱਲੀ ਵੱਲ ਕੂਚ ਕਰ ਗਏ।