ਕਿਹਾ ਕਿ ਸਵਾਲ ਕਰਨਾ ਸਾਡਾ ਹੱਕ ਹੈ, ਤੇ ਸਰਕਾਰ ਦਾ ਧਰਮ ਹੈ ਕਿ ਜਵਾਬ ਦੇਵੇ
ਨਵੀਂ ਦਿੱਲੀ - ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਮੰਗਲਵਾਰ ਨੂੰ ਆਰਥਿਕ ਸੂਚਕਾਂ ਅਤੇ ਸਰਕਾਰ ਦੇ ਅਰਥਵਿਵਸਥਾ ਨੂੰ ਸੰਭਾਲਣ ਦੇ ਤੌਰ-ਤਰੀਕਿਆਂ ਨੂੰ ਲੈ ਕੇ ਸਰਕਾਰ 'ਤੇ ਨਿਸ਼ਾਨਾ ਸੇਧਦੇ ਹੋਏ ਸਵਾਲ ਕੀਤਾ ਕਿ ਹੁਣ 'ਅਸਲੀ ਪੱਪੂ' ਕੌਣ ਹੈ।
ਲੋਕ ਸਭਾ ਵਿੱਚ 2022-23 ਲਈ ਅਨੁਪੂਰਕ ਮੰਗਾਂ ਅਤੇ 2019-20 ਲਈ ਗ੍ਰਾਂਟਾਂ ਲਈ ਵਾਧੂ ਮੰਗਾਂ ਦੇ ਪਹਿਲੇ ਬੈਚ 'ਤੇ ਸੋਮਵਾਰ ਨੂੰ ਨਿਰਣਾਇਕ ਚਰਚਾ ਨੂੰ ਅੱਗੇ ਵਧਾਉਂਦੇ ਹੋਏ, ਮਹੂਆ ਮੋਇਤਰਾ ਨੇ ਕਿਹਾ, "ਕਿਸੇ ਨੂੰ ਨੀਵਾਂ ਦਿਖਾਉਣ ਲਈ 'ਪੱਪੂ' ਸ਼ਬਦਾਵਲੀ ਦੀ ਵਰਤੋਂ ਕੀਤੀ ਗਈ। ਅੰਕੜਿਆਂ ਰਾਹੀਂ ਪਤਾ ਲੱਗ ਜਾਂਦਾ ਹੈ ਕਿ ‘ਅਸਲੀ ਪੱਪੂ’ ਕੌਣ ਹੈ?"
ਨੈਸ਼ਨਲ ਸਟੈਟਿਸਟਿਕਸ ਆਫ਼ਿਸ (ਐੱਨ.ਐੱਸ.ਓ.) ਦਫ਼ਤਰ ਵੱਲੋਂ ਜਾਰੀ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਦਾਅਵਾ ਕੀਤਾ ਕਿ ਅਕਤੂਬਰ 'ਚ ਉਦਯੋਗਿਕ ਉਤਪਾਦਨ 'ਚ 4 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ, ਜੋ 26 ਮਹੀਨਿਆਂ 'ਚ ਸਭ ਤੋਂ ਘੱਟ ਹੈ।
ਉਨ੍ਹਾਂ ਕਿਹਾ ਕਿ ਇੱਕ ਸਾਲ ਦੇ ਅੰਦਰ ਵਿਦੇਸ਼ੀ ਮੁਦਰਾ ਭੰਡਾਰ ਵਿੱਚ 72 ਅਰਬ ਡਾਲਰ ਦੀ ਕਮੀ ਆਈ ਹੈ।
ਉਨ੍ਹਾਂ ਕਿਹਾ ਕਿ ਵਿਦੇਸ਼ ਰਾਜ ਮੰਤਰੀ ਨੇ ਸਦਨ ਵਿੱਚ ਦੱਸਿਆ ਕਿ ਪਿਛਲੇ ਨੌਂ ਸਾਲਾਂ ਵਿੱਚ ਲੱਖਾਂ ਲੋਕਾਂ ਨੇ ਭਾਰਤ ਦੀ ਨਾਗਰਿਕਤਾ ਛੱਡ ਦਿੱਤੀ ਹੈ। ਮੋਇਤਰਾ ਨੇ ਕਿਹਾ ਕਿ ਅਜਿਹਾ ਕਿਉਂ ਹੋ ਰਿਹਾ ਹੈ ਕਿ ਲੋਕ ਨਾਗਰਿਕਤਾ ਛੱਡ ਰਹੇ ਹਨ।
ਮਹੂਆ ਨੇ ਦਾਅਵਾ ਕੀਤਾ, "ਈਡੀ ਦੀ ਵਰਤੋਂ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਪਰੇਸ਼ਾਨ ਕਰਨ ਲਈ ਕੀਤੀ ਜਾ ਰਹੀ ਹੈ। ਇਹ ਦੱਸਿਆ ਜਾਣਾ ਚਾਹੀਦਾ ਹੈ ਕਿ ਈ.ਡੀ. ਦੇ ਕੇਸਾਂ ਵਿੱਚ ਦੋਸ਼ੀ ਠਹਿਰਾਏ ਜਾਣ ਦਾ ਪ੍ਰਤੀਸ਼ਤ ਕਿੰਨਾ ਹੈ? ਕੀ ਇਸ ਏਜੰਸੀ ਦੀ ਵਰਤੋਂ ਸਿਰਫ਼ ਲੋਕਾਂ ਨੂੰ ਪ੍ਰੇਸ਼ਾਨ ਕਰਨ ਲਈ ਕੀਤੀ ਜਾ ਰਹੀ ਹੈ? ਅਸਲੀ ਪੱਪੂ ਕੌਣ ਹੈ?"
ਉਨ੍ਹਾਂ ਪੁੱਛਿਆ ਕਿ ਸਰਕਾਰ ਵਾਧੂ ਮਾਲੀਆ, ਖਾਸ ਕਰਕੇ ਗ਼ੈਰ-ਟੈਕਸ ਮਾਲੀਆ ਪੈਦਾ ਕਰਨ ਲਈ ਕੀ ਕਰ ਰਹੀ ਹੈ?
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਤ੍ਰਿਣਮੂਲ ਸੰਸਦ ਮੈਂਬਰ ਨੇ ਕਿਹਾ, "ਅਸੀਂ ਲੋਕਾਂ ਦੀ ਪ੍ਰਤੀਨਿਧਤਾ ਕਰਦੇ ਹਾਂ। ਇਹ ਸਾਡਾ ਹੱਕ ਹੈ ਕਿ ਸਰਕਾਰ ਦੀ ਅਯੋਗਤਾ ਨੂੰ ਲੈ ਕੇ ਉਸ ਤੋਂ ਸਵਾਲ ਪੁੱਛੀਏ। ਸਰਕਾਰ ਦਾ ਧਰਮ ਹੈ ਕਿ ਜਵਾਬ ਦੇਵੇ। ਉਸ ਨੂੰ 'ਖਿਸਿਆਨੀ ਬਿੱਲੀ' ਵਾਂਗ ਵਿਵਹਾਰ ਨਹੀਂ ਕਰਨਾ ਚਾਹੀਦਾ।"
ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ, ਖ਼ਾਸ ਕਰਕੇ ਹਿਮਾਚਲ ਪ੍ਰਦੇਸ਼ ਦੇ ਨਤੀਜਿਆਂ ਦਾ ਜ਼ਿਕਰ ਕਰਦਿਆਂ, ਉਨ੍ਹਾਂ ਕਿਹਾ, "ਸੱਤਾਧਾਰੀ ਪਾਰਟੀ ਦੇ ਪ੍ਰਧਾਨ ਆਪਣਾ ਗ੍ਰਹਿ ਰਾਜ ਨਹੀਂ ਬਚਾ ਸਕੇ, ਉੱਥੇ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਹੁਣ 'ਅਸਲੀ ਪੱਪੂ' ਕੌਣ ਹੈ?"
ਤ੍ਰਿਣਮੂਲ ਮੈਂਬਰ ਨੇ ਕਿਹਾ ਕਿ ਸਰਕਾਰ ਅਜਿਹੀ ਹੋਣੀ ਚਾਹੀਦੀ ਹੈ ਜੋ 'ਮਜ਼ਬੂਤ ਨੈਤਿਕਤਾ', 'ਮਜ਼ਬੂਤ ਕਨੂੰਨ ਅਤੇ ਵਿਵਸਥਾ' ਅਤੇ 'ਮਜ਼ਬੂਤ ਆਰਥਿਕਤਾ' ਨੂੰ ਯਕੀਨੀ ਬਣਾਵੇ।