ਕਿਹਾ- ਅੱਗੇ ਕੀ! ਭਾਜਪਾ "ਬਲਾਤਕਾਰੀ ਦਿਵਸ” ਨੂੰ ਕੌਮੀ ਦਿਹਾੜਾ ਐਲਾਨ ਰਹੀ ਹੈ?
ਨਵੀਂ ਦਿੱਲੀ: ਹਰਿਆਣਾ ਦੀ ਸੁਨਾਰੀਆ ਜੇਲ੍ਹ ਤੋਂ 40 ਦਿਨਾਂ ਦੀ ਪੈਰੋਲ 'ਤੇ ਰਿਹਾਅ ਹੋਏ ਬਲਾਤਕਾਰ ਦੇ ਦੋਸ਼ੀ ਸੌਦਾ ਸਾਧ ਵੱਲੋਂ ਸਤਿਸੰਗ ਕਰਵਾਇਆ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਇਸ ਆਨਲਾਈਨ ਸਤਿਸੰਗ ਵਿਚ ਹਰਿਆਣਾ ਦੇ ਕਈ ਭਾਜਪਾ ਆਗੂਆਂ ਨੇ ਹਿੱਸਾ ਲਿਆ। ਇਸ ਸਮਾਗਮ ਵਿਚ ਕਰਨਾਲ ਦੀ ਮੇਅਰ ਰੇਣੂ ਬਾਲਾ ਗੁਪਤਾ ਸਮੇਤ ਕਈ ਭਾਜਪਾ ਨੇਤਾਵਾਂ ਦੇ ਸ਼ਾਮਲ ਹੋਣ ਦੀਆਂ ਖਬਰਾਂ ਹਨ। ਸੌਦਾ ਸਾਧ ਨੇ ਉੱਤਰ ਪ੍ਰਦੇਸ਼ ਦੇ ਬਾਗਪਤ ਸਥਿਤ ਆਪਣੇ ਆਸ਼ਰਮ ਤੋਂ ਆਨਲਾਈਨ ਸਤਿਸੰਗ ਨੂੰ ਸੰਬੋਧਨ ਕੀਤਾ।
ਇਸ ਵਿਚਾਲੇ ਟੀਐਮਸੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਭਾਜਪਾ ਨੂੰ ਨਿਸ਼ਾਨੇ ’ਤੇ ਲਿਆ ਹੈ। ਉਹਨਾਂ ਟਵੀਟ ਕਰਦਿਆਂ ਕਿਹਾ, “ਅੱਗੇ ਕੀ! ਬਲਾਤਕਾਰੀ ਦਿਵਸ” ਨੂੰ ਕੌਮੀ ਦਿਹਾੜਾ ਐਲਾਨ ਰਹੀ ਹੈ? ਬਲਾਤਕਾਰ ਦੇ ਦੋਸ਼ੀ ਸੌਦਾ ਸਾਧ ਨੂੰ ਮੁੜ ਮਿਲੀ ਪੈਰੋਲ, ਹਰਿਆਣਾ ਭਾਜਪਾ ਦੇ ਆਗੂਆਂ ਦੀ ਦੇਖ-ਰੇਖ ’ਚ ਸੌਦਾ ਸਾਧ ਨੇ ਕੀਤਾ ‘ਸਤਿਸੰਗ’”।
ਵਾਇਰਲ ਵੀਡੀਓ 'ਚ ਰੇਣੂ ਬਾਲਾ ਨੂੰ ਉਪ ਚੋਣਾਂ ਦਾ ਹਵਾਲਾ ਦਿੰਦੇ ਹੋਏ ਅਤੇ ਸੌਦਾ ਸਾਧ ਨੂੰ ਸੂਬੇ 'ਚ ਬੁਲਾਉਂਦੇ ਸੁਣਿਆ ਜਾ ਸਕਦਾ ਹੈ। ਇਸ ਆਨਲਾਈਨ ਪ੍ਰੋਗਰਾਮ ਵਿਚ ਰੇਣੂ ਬਾਲਾ ਤੋਂ ਇਲਾਵਾ ਡਿਪਟੀ ਮੇਅਰ ਨਵੀਨ ਕੁਮਾਰ ਅਤੇ ਸੀਨੀਅਰ ਡਿਪਟੀ ਮੇਅਰ ਰਾਜੇਸ਼ ਅੱਗੀ ਸਮੇਤ ਹੋਰ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ।
ਪ੍ਰੋਗਰਾਮ ਵਿਚ ਆਪਣੀ ਸ਼ਮੂਲੀਅਤ ਦਾ ਬਚਾਅ ਕਰਦਿਆਂ ਸੀਨੀਅਰ ਡਿਪਟੀ ਮੇਅਰ ਨੇ ਕਿਹਾ ਕਿ ਉਹਨਾਂ ਨੂੰ ‘ਸਾਧ ਸੰਗਤ’ ਵੱਲੋਂ ਸਤਿਸੰਗ ਲਈ ਸੱਦਾ ਦਿੱਤਾ ਗਿਆ ਸੀ। ਉਹਨਾਂ ਕਿਹਾ, "ਮੇਰੇ ਵਾਰਡ ਵਿਚ ਬਹੁਤ ਸਾਰੇ ਲੋਕ ਰਾਮ ਰਹੀਮ ਨਾਲ ਜੁੜੇ ਹੋਏ ਹਨ। ਅਸੀਂ ਸਮਾਜਿਕ ਸਬੰਧਾਂ ਤੋਂ ਬਾਹਰ ਹੋਏ ਪ੍ਰੋਗਰਾਮ ਵਿਚ ਆਏ ਹਾਂ ਅਤੇ ਇਸ ਦਾ ਭਾਜਪਾ ਅਤੇ ਹਰਿਆਣਾ ਵਿਚ ਹੋਣ ਵਾਲੀਆਂ ਉਪ ਚੋਣਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।"