
ਉਹਨਾਂ ਦੋਸ਼ ਲਾਇਆ ਕਿ ਰਾਜੀਵ ਗਾਂਧੀ ਫਾਊਂਡੇਸ਼ਨ ਨੂੰ ਚੀਨੀ ਦੂਤਾਵਾਸ ਤੋਂ 1.35 ਕਰੋੜ ਰੁਪਏ ਦੀ ਗ੍ਰਾਂਟ ਮਿਲੀ ਸੀ
ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਕਿਹਾ ਕਿ ਜਦੋਂ ਤੱਕ ਦੇਸ਼ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਭਾਜਪਾ ਦੀ ਸਰਕਾਰ ਹੈ, ਉਦੋਂ ਤੱਕ ਕੋਈ ਇਕ ਇੰਚ ਜ਼ਮੀਨ 'ਤੇ ਵੀ ਕਬਜ਼ਾ ਨਹੀਂ ਕਰ ਸਕਦਾ। ਉਹਨਾਂ ਨੇ ਇਹ ਗੱਲ ਅਰੁਣਾਚਲ ਪ੍ਰਦੇਸ਼ 'ਚ ਅਸਲ ਕੰਟਰੋਲ ਰੇਖਾ 'ਤੇ ਭਾਰਤੀ ਅਤੇ ਚੀਨੀ ਸੈਨਿਕਾਂ ਵਿਚਾਲੇ ਝੜਪ ਮਗਰੋਂ ਕਹੀ। ਵਿਰੋਧੀ ਧਿਰ ਨੇ ਇਸ ਮੁੱਦੇ 'ਤੇ ਸੰਸਦ 'ਚ ਚਰਚਾ ਦੀ ਮੰਗ ਕੀਤੀ ਹੈ।
ਅਮਿਤ ਸ਼ਾਹ ਨੇ ਸੰਸਦ ਭਵਨ ਕੰਪਲੈਕਸ 'ਚ ਪੱਤਰਕਾਰਾਂ ਨੂੰ ਕਿਹਾ ਕਿ ਕਾਂਗਰਸ ਨੇ ਰਾਜੀਵ ਗਾਂਧੀ ਫਾਊਂਡੇਸ਼ਨ ਦੇ ਐੱਫਸੀਆਰਏ (ਵਿਦੇਸ਼ੀ ਯੋਗਦਾਨ ਰੈਗੂਲੇਸ਼ਨ ਐਕਟ) ਰਜਿਸਟ੍ਰੇਸ਼ਨ ਨੂੰ ਰੱਦ ਕਰਨ 'ਤੇ ਸਵਾਲਾਂ ਤੋਂ ਬਚਣ ਲਈ ਸੰਸਦ 'ਚ ਸਰਹੱਦੀ ਵਿਵਾਦ ਦਾ ਮੁੱਦਾ ਚੁੱਕਿਆ ਹੈ।
ਉਹਨਾਂ ਦੋਸ਼ ਲਾਇਆ ਕਿ ਰਾਜੀਵ ਗਾਂਧੀ ਫਾਊਂਡੇਸ਼ਨ ਨੂੰ ਚੀਨੀ ਦੂਤਾਵਾਸ ਤੋਂ 1.35 ਕਰੋੜ ਰੁਪਏ ਦੀ ਗ੍ਰਾਂਟ ਮਿਲੀ ਸੀ, ਜੋ ਕਿ ਐਫਸੀਆਰਏ ਕਾਨੂੰਨ ਅਤੇ ਇਸ ਦੇ ਮਾਪਦੰਡਾਂ ਅਨੁਸਾਰ ਨਹੀਂ ਸੀ, ਇਸ ਲਈ ਇਸ ਦੀ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਗਈ। ਗ੍ਰਹਿ ਮੰਤਰੀ ਨੇ ਕਿਹਾ, ''(ਜਵਾਹਰ ਲਾਲ) ਨਹਿਰੂ ਦੇ ਚੀਨ ਪ੍ਰਤੀ ਪਿਆਰ ਕਾਰਨ ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਸਥਾਈ ਮੈਂਬਰਸ਼ਿਪ ਛੱਡ ਦਿੱਤੀ।''
ਫੌਜੀਆਂ ਦੀ ਬਹਾਦਰੀ ਦੀ ਤਾਰੀਫ਼ ਕਰਦਿਆਂ ਉਹਨਾਂ ਕਿਹਾ, ''ਮੈਂ ਸਪੱਸ਼ਟ ਤੌਰ 'ਤੇ ਕਹਿਣਾ ਚਾਹੁੰਦਾ ਹਾਂ। ਜਦੋਂ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਜਪਾ ਦੀ ਸਰਕਾਰ ਹੈ, ਉਦੋਂ ਤੱਕ ਸਾਡੀ ਜ਼ਮੀਨ ਦੇ ਇਕ ਇੰਚ ’ਤੇ ਵੀ ਕੋਈ ਕਬਜ਼ਾ ਨਹੀਂ ਕਰ ਸਕਦਾ।