
New Delhi News: ਕੇਂਦਰ ਸਰਕਾਰ ਨੇ ਸੰਸਦ 'ਚ ਅੰਕੜੇ ਪੇਸ਼ ਕਰਦੇ ਹੋਏ ਦਿੱਤੀ ਜਾਣਕਾਰੀ
New Delhi News: ਸਰਕਾਰ ਨੇ ਵੀਰਵਾਰ ਨੂੰ ਸੰਸਦ ਨੂੰ ਦੱਸਿਆ ਕਿ 2023 ਵਿੱਚ ਵੱਖ-ਵੱਖ ਦੇਸ਼ਾਂ ਵਿੱਚ 86 ਭਾਰਤੀ ਨਾਗਰਿਕਾਂ 'ਤੇ ਹਮਲੇ ਹੋਏ ਜਾਂ ਉਨ੍ਹਾਂ ਦਾ ਕਤਲ ਕੀਤਾ ਗਿਆ। ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਇਹ ਅੰਕੜਾ ਸਾਂਝਾ ਕੀਤਾ। ਉਨ੍ਹਾਂ ਪਿਛਲੇ ਤਿੰਨ ਸਾਲਾਂ ਦੇ ਦੇਸ਼-ਵਾਰ ਅੰਕੜੇ ਸਾਂਝੇ ਕੀਤੇ ਜਿਸ ਅਨੁਸਾਰ 2021 ਵਿੱਚ 29, 2022 ਵਿੱਚ 57 ਅਤੇ 2023 ਵਿੱਚ 86 ਅਜਿਹੇ ਕੇਸ ਸਨ। ਸਾਂਝੇ ਕੀਤੇ ਗਏ ਅੰਕੜਿਆਂ ਅਨੁਸਾਰ, 2023 ਵਿੱਚ ਅਜਿਹੇ 86 ਮਾਮਲਿਆਂ ਵਿੱਚੋਂ, 12 ਅਮਰੀਕਾ ਵਿੱਚ ਹੋਏ ਜਦੋਂ ਕਿ 10-10 ਕੈਨੇਡਾ, ਬ੍ਰਿਟੇਨ ਅਤੇ ਸਾਊਦੀ ਅਰਬ ਵਿੱਚ ਹੋਏ।
ਇੱਕ ਵੱਖਰੇ ਸਵਾਲ ਵਿੱਚ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਪਿਛਲੇ ਪੰਜ ਸਾਲਾਂ ਦੌਰਾਨ ਰਾਜ-ਵਾਰ ਅਤੇ ਸਾਲ ਦੇ ਹਿਸਾਬ ਨਾਲ ਕਿੰਨੇ ਭਾਰਤੀ ਨਾਗਰਿਕਾਂ ਨੇ ਸਵੈ-ਇੱਛਾ ਨਾਲ ਆਪਣੀ ਭਾਰਤੀ ਨਾਗਰਿਕਤਾ ਤਿਆਗ ਦਿੱਤੀ ਅਤੇ ਇਸ ਦੇ ਕੀ ਕਾਰਨ ਸਨ। ਉਨ੍ਹਾਂ ਜਵਾਬ ਵਿੱਚ ਕਿਹਾ, "ਮੰਤਰਾਲੇ ਕੋਲ ਉਪਲਬਧ ਜਾਣਕਾਰੀ ਅਨੁਸਾਰ, ਆਪਣੀ ਭਾਰਤੀ ਨਾਗਰਿਕਤਾ ਛੱਡਣ ਵਾਲੇ ਭਾਰਤੀਆਂ ਦੀ ਗਿਣਤੀ (2019 ਵਿੱਚ) 1,44,017, (2020 ਵਿੱਚ) 85,256, (2021 ਵਿੱਚ) 1,63,370, (2022 ਵਿੱਚ) 2,25,620 ਅਤੇ (2023 ਵਿੱਚ) 2,16,219 ਸੀ। ਉਨ੍ਹਾਂ ਕਿਹਾ ਕਿ ਵਿਦੇਸ਼ੀ ਨਾਗਰਿਕਤਾ ਲਈ ਭਾਰਤੀ ਨਾਗਰਿਕਤਾ ਤਿਆਗਣ ਵਾਲੇ ਲੋਕਾਂ ਦੇ ਰਾਜ-ਵਾਰ ਵੇਰਵੇ ਉਪਲਬਧ ਨਹੀਂ ਹਨ।