
Maharashtra News: ਆਰਬੀਆਈ ਗਵਰਨਰ ਨੂੰ ‘ਬ੍ਰਦਰਹੁੱਡ ਮੂਵਮੈਂਟ ਫਾਰ ਯੂਕਰੇਨ’ ਵਿੱਚ ਸ਼ਾਮਲ ਹੋਣ ਲਈ ਕਿਹਾ
ਰੂਸੀ ਭਾਸ਼ਾ ਵਿੱਚ ਲਿਖਿਆ ਧਮਕੀ ਭਰਿਆ ‘ਈ-ਮੇਲ’
Maharashtra News: ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੂੰ ਇੱਕ ਧਮਕੀ ਭਰਿਆ ਈ-ਮੇਲ ਮਿਲਿਆ ਹੈ ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਦੱਖਣੀ ਮੁੰਬਈ ਵਿੱਚ ਉਸ ਦੀ ਇਮਾਰਤ ਵਿੱਚ ਇੱਕ 'ਆਈਈਡੀ' (ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ) ਲਾਇਆ ਗਿਆ ਹੈ। ਇਕ ਪੁਲਿਸ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਵੀਰਵਾਰ ਨੂੰ ਇਹ ਸੰਦੇਸ਼ ਆਰਬੀਆਈ ਗਵਰਨਰ ਦੇ ਅਧਿਕਾਰਤ ਈਮੇਲ ਪਤੇ 'ਤੇ ਭੇਜਿਆ ਗਿਆ, ਜਿਸ ਤੋਂ ਬਾਅਦ ਇਸ ਬੈਂਕ ਦੇ ਅਧਿਕਾਰੀਆਂ ਨੇ ਪੁਲਿਸ ਨੂੰ ਸੂਚਿਤ ਕੀਤਾ। ਉਨ੍ਹਾਂ ਕਿਹਾ ਕਿ ਅਜੇ ਤੱਕ ਈ-ਮੇਲ ਭੇਜਣ ਵਾਲੇ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਆਰਬੀਆਈ ਦੀ ਇਮਾਰਤ ਦੀ ਤਲਾਸ਼ੀ ਲਈ ਗਈ ਪਰ ਅਜੇ ਤੱਕ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਰੂਸੀ ਭਾਸ਼ਾ ਵਿੱਚ ਲਿਖੀ ਇਸ ‘ਈ-ਮੇਲ’ ਵਿੱਚ ਭੇਜਣ ਵਾਲੇ ਨੇ ਦਾਅਵਾ ਕੀਤਾ ਹੈ ਕਿ ਇਮਾਰਤ ਵਿੱਚ ਇੱਕ ‘ਆਈਈਡੀ’ ਬੰਬ ਲਾਇਆ ਗਿਆ ਸੀ ਅਤੇ ਇਸ ਨੂੰ ਪੰਜ ਦਿਨਾਂ ਵਿੱਚ ਰਿਮੋਟ ਤੋਂ ਸਰਗਰਮ ਕਰ ਦਿੱਤਾ ਜਾਵੇਗਾ।
ਭੇਜਣ ਵਾਲੇ ਨੇ ਆਰਬੀਆਈ ਗਵਰਨਰ ਨੂੰ ‘ਬ੍ਰਦਰਹੁੱਡ ਮੂਵਮੈਂਟ ਫਾਰ ਯੂਕਰੇਨ’ ਵਿੱਚ ਸ਼ਾਮਲ ਹੋਣ ਦਾ ਵੀ ਸੱਦਾ ਦਿੱਤਾ ਹੈ । ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੱਖਣੀ ਮੁੰਬਈ ਦੇ ਰਾਮਾਬਾਈ ਅੰਬੇਡਕਰ ਮਾਰਗ ਪੁਲਿਸ ਸਟੇਸ਼ਨ 'ਚ ਇਸ ਸਬੰਧ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ।