
ਔਰਤ ਹਸਪਤਾਲ ਵਿੱਚ ਭਰਤੀ, ਮੁਲਜ਼ਮ ਦੀ ਭਾਲ਼ ਜਾਰੀ
ਸ਼ਾਹਡੋਲ - ਮੱਧ ਪ੍ਰਦੇਸ਼ ਦੇ ਇਸ ਜ਼ਿਲ੍ਹੇ 'ਚ ਇੱਕ ਮੋਟਰਸਾਈਕਲ ਸਵਾਰ ਵੱਲੋਂ 90 ਸਾਲਾ ਬਜ਼ੁਰਗ ਔਰਤ ਨੂੰ ਲਿਫ਼ਟ ਦੇਣ ਤੋਂ ਬਾਅਦ ਜੰਗਲ ਵਿੱਚ ਲਿਜਾ ਕੇ ਕਥਿਤ ਤੌਰ 'ਤੇ ਬਲਾਤਕਾਰ ਕੀਤਾ ਗਿਆ। ਪੁਲਿਸ ਨੇ ਅਣਪਛਾਤੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਸੁਪਰਡੈਂਟ ਕੁਮਾਰ ਪ੍ਰਤੀਕ ਨੇ ਸ਼ਨੀਵਾਰ ਨੂੰ ਦੱਸਿਆ ਕਿ ਮਹਿਲਾ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 15 ਕਿਲੋਮੀਟਰ ਦੂਰ ਇੱਕ ਪਿੰਡ 'ਚ ਆਪਣੇ ਰਿਸ਼ਤੇਦਾਰ ਨੂੰ ਮਿਲਣ ਵੀਰਵਾਰ ਰਾਤ ਨੂੰ ਜਬਲਪੁਰ ਤੋਂ ਸ਼ਾਹਡੋਲ ਰੇਲਵੇ ਸਟੇਸ਼ਨ ਪਹੁੰਚੀ ਸੀ।
ਉਨ੍ਹਾਂ ਦੱਸਿਆ ਕਿ ਔਰਤ ਰੇਲਵੇ ਸਟੇਸ਼ਨ 'ਤੇ ਰਾਤ ਭਰ ਰੁਕੀ ਰਹੀ, ਅਤੇ ਇੱਕ ਆਟੋ ਰਿਕਸ਼ਾ ਰਾਹੀਂ ਸ਼ੁੱਕਰਵਾਰ ਸਵੇਰੇ ਅੰਤਰਾ ਪਿੰਡ 'ਚ ਮੁੱਖ ਸੜਕ ਤੱਕ ਪਹੁੰਚੀ।
ਐਸ.ਪੀ. ਨੇ ਦੱਸਿਆ ਕਿ ਜਦੋਂ ਉਹ ਬੱਸ ਦਾ ਇੰਤਜ਼ਾਰ ਕਰ ਰਹੀ ਸੀ ਤਾਂ ਇੱਕ ਅਣਪਛਾਤੇ ਮੋਟਰਸਾਈਕਲ ਸਵਾਰ ਨੇ ਉਸ ਨੂੰ ਪਿੰਡ ਜਾਣ ਲਈ ਲਿਫ਼ਟ ਦੇਣ ਦੀ ਪੇਸ਼ਕਸ਼ ਕੀਤੀ, ਪਰ ਬਾਅਦ ਵਿੱਚ ਉਸ ਨੂੰ ਧੋਖੇ ਨਾਲ ਕਿਸੇ ਸੁੰਨਸਾਨ ਥਾਂ ’ਤੇ ਲੈ ਗਿਆ, ਉਸ ਨਾਲ ਬਲਾਤਕਾਰ ਕੀਤਾ ਅਤੇ ਔਰਤ ਨੂੰ ਮੁੱਖ ਸੜਕ ’ਤੇ ਛੱਡ ਕੇ ਭੱਜ ਗਿਆ।
ਪ੍ਰਤੀਕ ਨੇ ਦੱਸਿਆ ਕਿ ਪੀੜਤਾ ਨੇ ਆਪਬੀਤੀ ਬਾਰੇ ਰਿਸ਼ਤੇਦਾਰਾਂ ਨੂੰ ਦੱਸਿਆ, ਅਤੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਪੀੜਤਾ ਦੀ ਸ਼ਿਕਾਇਤ 'ਤੇ ਅਣਪਛਾਤੇ ਮੋਟਰਸਾਈਕਲ ਸਵਾਰ ਖ਼ਿਲਾਫ਼ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ ਤਹਿਤ ਬਲਾਤਕਾਰ ਅਤੇ ਹੋਰ ਜੁਰਮਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਐਸ.ਪੀ. ਨੇ ਦੱਸਿਆ ਕਿ ਔਰਤ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਜਦਕਿ ਮੁਲਜ਼ਮ ਦੀ ਭਾਲ਼ ਕੀਤੀ ਜਾ ਰਹੀ ਹੈ।