
ਫਸੇ ਪੰਜ ਮਜ਼ਦੂਰਾਂ ਨੂੰ ਜ਼ਿੰਦਾ ਲੱਭਣ ਦੀ ਸੰਭਾਵਨਾ ਘਟੀ
ਗੁਹਾਟੀ: ਅਸਾਮ ਦੇ ਦੀਮਾ ਹਸਾਓ ਜ਼ਿਲ੍ਹੇ ’ਚ ਇਕ ਕੋਲਾ ਖਾਨ ’ਚੋਂ ਪਾਣੀ ਕੱਢਣ ਦਾ ਕੰਮ ਮੰਗਲਵਾਰ ਨੂੰ 9ਵੇਂ ਦਿਨ ਵੀ ਜਾਰੀ ਰਿਹਾ ਅਤੇ ਫਸੇ ਪੰਜ ਮਜ਼ਦੂਰਾਂ ਦੇ ਜ਼ਿੰਦਾ ਲੱਭਣ ਦੀ ਸੰਭਾਵਨਾ ਹੋਰ ਵੀ ਘੱਟ ਹੁੰਦੀ ਜਾ ਰਹੀ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਇਸ ਦੌਰਾਨ ਜਲ ਫ਼ੌਜ ਦੇ ਗੋਤਾਖੋਰਾਂ ਨੂੰ ਬਚਾਅ ਮੁਹਿੰਮ ਤੋਂ ਹਟਾ ਲਿਆ ਗਿਆ ਹੈ।
ਤੇਲ ਅਤੇ ਕੁਦਰਤੀ ਗੈਸ ਕਾਰਪੋਰੇਸ਼ਨ (ਓ.ਐੱਨ.ਜੀ.ਸੀ.) ਅਤੇ ਕੋਲ ਇੰਡੀਆ ਵਲੋਂ ਲਿਆਂਦੀਆਂ ਵਿਸ਼ੇਸ਼ ਪੰਪਿੰਗ ਮਸ਼ੀਨਾਂ ਦੀ ਮਦਦ ਨਾਲ 340 ਫੁੱਟ ਡੂੰਘੇ ਖੱਡੇ ਤੋਂ ਪਾਣੀ ਕਢਿਆ ਜਾ ਰਿਹਾ ਹੈ। ਇਕ ਅਧਿਕਾਰੀ ਨੇ ਦਸਿਆ ਕਿ ਪਾਣੀ ਦਾ ਪੱਧਰ ਸ਼ੁਰੂ ’ਚ 100 ਫੁੱਟ ’ਤੇ ਘੱਟ ਗਿਆ ਸੀ ਪਰ ਸੋਮਵਾਰ ਨੂੰ ਹੌਲੀ-ਹੌਲੀ ਘੱਟ ਰਿਹਾ ਅਤੇ ਤਿੰਨ ਮੀਟਰ ਹੋਰ ਘੱਟ ਗਿਆ। ਉਨ੍ਹਾਂ ਕਿਹਾ, ‘‘ਇਹ ਕਹਿਣਾ ਮੁਸ਼ਕਲ ਹੈ ਕਿ ਪਾਣੀ ਕਦੋਂ ਪੂਰੀ ਤਰ੍ਹਾਂ ਸਾਫ਼ ਹੋਵੇਗਾ ਜਾਂ ਖਾਣ ਦੇ ਅੰਦਰ ਤਲਾਸ਼ੀ ਅਤੇ ਬਚਾਅ ਮੁਹਿੰਮ ਕਦੋਂ ਸ਼ੁਰੂ ਹੋਵੇਗੀ।’’
ਗੁਹਾਟੀ ਤੋਂ ਕਰੀਬ 250 ਕਿਲੋਮੀਟਰ ਦੂਰ ਉਮਾਰੰਗਸ਼ੂ ’ਚ 6 ਜਨਵਰੀ ਨੂੰ ਖਾਣ ’ਚ ਫਸੇ 9 ਮਜ਼ਦੂਰਾਂ ’ਚੋਂ ਹੁਣ ਤਕ 4 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਪਹਿਲਾਂ ਦਾਅਵਾ ਕੀਤਾ ਸੀ ਕਿ ਖਾਣ ਨੂੰ 12 ਸਾਲ ਪਹਿਲਾਂ ਬੰਦ ਕਰ ਦਿਤਾ ਗਿਆ ਸੀ ਅਤੇ ਤਿੰਨ ਸਾਲ ਪਹਿਲਾਂ ਤਕ ਇਹ ਅਸਾਮ ਖਣਿਜ ਵਿਕਾਸ ਨਿਗਮ ਦੇ ਅਧੀਨ ਸੀ। ਉਨ੍ਹਾਂ ਕਿਹਾ ਕਿ ਖਾਣ ਮਜ਼ਦੂਰਾਂ ਦੇ ਆਗੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਪੁਲਿਸ ਜਾਂਚ ਕਰ ਰਹੀ ਹੈ ਕਾਂਗਰਸ ਦੇ ਸੰਸਦ ਮੈਂਬਰ ਗੌਰਵ ਗੋਗੋਈ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਖਾਣ ਦੁਖਾਂਤ ਦੀ ਐਸ.ਆਈ.ਟੀ. ਜਾਂਚ ਦੀ ਮੰਗ ਕੀਤੀ ਹੈ।