
Meerut News: ਗੋਲੀ ਮਾਰਨ ਤੋਂ ਪਹਿਲਾਂ 15 ਸਾਲਾ ਵਿਦਿਆਰਥੀ ਨੇ ਇੰਟਰਨੈਟ ’ਤੇ ਕੀਤੀ ਸੀ ‘ਮੌਤ ਦੇ ਢੰਗ’ ਦੀ ਖੋਜ
Meerut News: ਮਰਨ ਤੋਂ ਬਾਅਦ ਆਤਮਾ ਕਿੱਥੇ ਜਾਂਦੀ ਹੈ? ਇਸ ਦਾ ਜਵਾਬ ਜਾਣਨ ਲਈ ਨੌਵੀਂ ਜਮਾਤ ਦੇ ਵਿਦਿਆਰਥੀ ਨੇ ਅਪਣੇ ਪਰਵਾਰ ਦੇ ਸਾਹਮਣੇ ਖ਼ੁਦ ਨੂੰ ਗੋਲੀ ਮਾਰ ਲਈ। ਇਹ ਹੈਰਾਨ ਕਰਨ ਵਾਲੀ ਘਟਨਾ ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ਦੇ ਭਵਨਪੁਰ ਥਾਣਾ ਖੇਤਰ ਵਿਚ ਵਾਪਰੀ। ਪੁਲਿਸ ਨੇ ਕਿਹਾ ਕਿ ਵਿਦਿਆਰਥੀ ਦੁਆਰਾ ਇੰਟਰਨੈਟ ’ਤੇ ਖੋਜ ਕੀਤੀ ਸਮੱਗਰੀ ਤੋਂ ਪਤਾ ਲੱਗਾ ਕਿ ਉਹ ਇਹ ਜਾਣਨ ਲਈ ਉਤਸੁਕ ਸੀ ਕਿ ਮੌਤ ਤੋਂ ਬਾਅਦ ਆਤਮਾ ਕਿੱਥੇ ਜਾਂਦੀ ਹੈ।
ਭਵਨਪੁਰ ਥਾਣਾ ਇੰਚਾਰਜ ਧਰਮਿੰਦਰ ਕੁਮਾਰ ਨੇ ਦਸਿਆ ਕਿ ਐਪੈਕਸ ਕਾਲੋਨੀ ’ਚ ਰਹਿਣ ਵਾਲੇ ਇਕ ਵਿਦਿਆਰਥੀ (15) ਨੇ ਅਪਣੇ ਪ੍ਰਵਾਰਕ ਮੈਂਬਰਾਂ ਦੇ ਸਾਹਮਣੇ ਖ਼ੁਦ ਨੂੰ ਗੋਲੀ ਮਾਰ ਲਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਦਸਿਆ ਕਿ ਸਨਿਚਰਵਾਰ ਰਾਤ ਨੂੰ ਵਾਪਰੀ ਇਸ ਘਟਨਾ ਸਬੰਧੀ ਪ੍ਰਵਾਰਕ ਮੈਂਬਰਾਂ ਨੇ ਅਜੇ ਤਕ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ ਅਤੇ ਲਾਸ਼ ਪੋਸਟਮਾਰਟਮ ਤੋਂ ਬਾਅਦ ਪਰਵਾਰ ਨੂੰ ਸੌਂਪ ਦਿਤੀ ਗਈ ਹੈ।
ਕੁਮਾਰ ਅਨੁਸਾਰ, ਖ਼ੁਦ ਨੂੰ ਗੋਲੀ ਮਾਰਨ ਤੋਂ ਪਹਿਲਾਂ ਵਿਦਿਆਰਥੀ ਨੇ ਇੰਟਰਨੈੱਟ ’ਤੇ ‘ਮੌਤ ਤੋਂ ਬਾਅਦ ਕੀ ਹੁੰਦਾ ਹੈ’, ‘ਮੌਤ ਦੇ ਢੰਗ’ ਅਤੇ ‘ਮੌਤ ਤੋਂ ਬਾਅਦ ਮਨੁੱਖੀ ਆਤਮਾ ਕਿੱਥੇ ਜਾਂਦੀ ਹੈ’ ਬਾਰੇ ਖੋਜ ਕੀਤੀ ਸੀ। ਉਨ੍ਹਾਂ ਦਸਿਆ ਕਿ ਵਿਦਿਆਰਥੀ ਦਾ ਮੋਬਾਈਲ ਚੈੱਕ ਕਰਨ ’ਤੇ ਪਤਾ ਲੱਗਾ ਕਿ ਉਸ ਨੇ ਗਰੁੜ ਪੁਰਾਣ ਬਾਰੇ ਸਮੱਗਰੀ ਦੀ ਜਾਂਚ ਕੀਤੀ ਸੀ।
ਕੁਮਾਰ ਅਨੁਸਾਰ ਘਟਨਾ ਵਿਚ ਵਰਤੀ ਗਈ ਪਿਸਤੌਲ ਵਿਦਿਆਰਥੀ ਦੇ ਕਮਰੇ ਵਿਚੋਂ ਬਰਾਮਦ ਕਰ ਲਈ ਗਈ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪਿਸਤੌਲ ਉਸ ਦੇ ਹੱਥ ਵਿਚ ਕਿਵੇਂ ਆਇਆ। ਉਨ੍ਹਾਂ ਦਸਿਆ ਕਿ ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਵਿਦਿਆਰਥੀ ਨੇ ਅਪਣੀ ਮਾਂ ਅਤੇ ਵੱਡੇ ਭਰਾ ਵਲੋਂ ਝਿੜਕਣ ਤੋਂ ਗੁੱਸੇ ਵਿਚ ਆ ਕੇ ਇਹ ਕਦਮ ਚੁੱਕਿਆ ਹੈ।
ਪੁਛ ਗਿਛ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਪ੍ਰਵਾਰਕ ਮੈਂਬਰਾਂ ਨੇ ਵਿਦਿਆਰਥੀ ਨੂੰ ਗ਼ਲਤ ਸੰਗਤ ’ਚ ਘੁੰਮਣ ਲਈ ਝਿੜਕਿਆ ਸੀ ਅਤੇ ਉਸ ਦੀ ਸਾਈਕਲ ਵੀ ਵੇਚ ਦਿਤੀ ਸੀ, ਜੋ ਕਿ ਉਸ ਨੂੰ ਬਹੁਤ ਪਿਆਰੀ ਸੀ। ਉਨ੍ਹਾਂ ਦਸਿਆ ਕਿ ਵਿਦਿਆਰਥੀ ਦਾ ਮੋਬਾਈਲ ਫ਼ੋਨ ਜ਼ਬਤ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।