
ਭਾਰਤ ਦੇ ਕੰਪਟਰੋਲਰ ਅਤੇ ਆਡੀਟਰ ਜਨਰਲ (ਕੈਗ) ਨੇ ਅਪਣੀ ਰੀਪੋਰਟ 'ਚ ਕਿਹਾ ਹੈ ਕਿ 36 ਲੜਾਕੂ ਰਾਫ਼ੇਲ ਜਹਾਜ਼ਾਂ ਦੀ ਖ਼ਰੀਦ ਲਈ ਐਨ.ਡੀ.ਏ. ਸਰਕਾਰ ਨੇ ਜੋ.....
ਨਵੀਂ ਦਿੱਲੀ : ਭਾਰਤ ਦੇ ਕੰਪਟਰੋਲਰ ਅਤੇ ਆਡੀਟਰ ਜਨਰਲ (ਕੈਗ) ਨੇ ਅਪਣੀ ਰੀਪੋਰਟ 'ਚ ਕਿਹਾ ਹੈ ਕਿ 36 ਲੜਾਕੂ ਰਾਫ਼ੇਲ ਜਹਾਜ਼ਾਂ ਦੀ ਖ਼ਰੀਦ ਲਈ ਐਨ.ਡੀ.ਏ. ਸਰਕਾਰ ਨੇ ਜੋ ਸੌਦਾ ਕੀਤਾ ਹੈ, ਉਹ ਇਨ੍ਹਾਂ ਜਹਾਜ਼ਾਂ ਦੀ ਖ਼ਰੀਦ ਲਈ 2007 'ਚ ਕੀਤੀ ਗਈ ਤਤਕਾਲੀ ਯੂ.ਪੀ.ਏ. ਸਰਕਾਰ ਦੀ ਗੱਲਬਾਤ ਪੇਸ਼ਕਸ਼ ਮੁਕਾਬਲੇ 2.86 ਫ਼ੀ ਸਦੀ ਸਸਤਾ ਹੈ। ਕੈਗ ਦੀ ਰੀਪੋਰਟ ਬੁਧਵਾਰ ਨੂੰ ਸੰਸਦ 'ਚ ਪੇਸ਼ ਕੀਤੀ ਗਈ। ਇਸ ਰੀਪੋਰਟ 'ਚ ਕੈਗ ਨੇ ਕਿਹਾ ਹੈ ਕਿ ਭਾਰਤ ਦੇ ਲਿਹਾਜ਼ ਨਾਲ ਕੀਤੀਆਂ ਤਬਦੀਲੀਆਂ ਦੇ ਨਜ਼ਰੀਏ ਨਾਲ ਇਹ ਸੌਦਾ 17.08 ਫ਼ੀ ਸਦੀ ਸਸਤਾ ਹੈ।
CAG Report
ਇਹ ਰੀਪੋਰਟ ਮੋਦੀ ਸਰਕਾਰ ਲਈ ਬਹੁਤ ਰਾਹਤ ਦੇਣ ਵਾਲੀ ਹੈ ਕਿਉਂਕਿ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਸਰਕਾਰ 'ਤੇ ਰਾਫ਼ੇਲ ਜਹਾਜ਼ ਸੌਦੇ ਨੂੰ ਲੈ ਕੇ ਲਗਾਤਾਰ ਦੋਸ਼ ਲਾਉਂਦੇ ਰਹੇ ਹਨ ਅਤੇ ਸੌਦੇ ਦੀ ਸਾਂਝੀ ਸੰਸਦੀ ਕਮੇਟੀ ਤੋਂ ਜਾਂਚ ਕਰਵਾਉਣ ਦੀ ਮੰਗ ਕਰਦੇ ਰਹੇ ਹਨ। ਰੀਪੋਰਟ ਅਨੁਸਾਰ ਇੰਜੀਨੀਅਰਿੰਗ ਬਾਬਤ ਪੈਕੇਜ ਅਤੇ ਪ੍ਰਦਰਸ਼ਨ ਦੇ ਆਧਾਰ 'ਤੇ ਹਰ ਤਰ੍ਹਾਂ ਦੇ ਸਾਜ਼ੋ-ਸਾਮਾਨ ਬਾਬਤ ਇਹ ਸੌਦਾ ਹਾਲਾਂਕਿ 6.54 ਫ਼ੀ ਸਦੀ ਮਹਿੰਗਾ ਹੈ। ਹਾਲਾਂਕਿ ਕੈਗ ਨੇ ਲੜਾਕੂ ਜਹਾਜ਼ ਰਾਫ਼ੇਲ ਦੀ ਖ਼ਰੀਦ ਲਈ ਭਾਰਤ ਸਰਕਾਰ ਵਲੋਂ ਫ਼ਰਾਂਸ ਨਾਲ ਕੀਤੇ ਗਏ ਕਰਾਰ 'ਚ ਸਰਕਾਰੀ ਗਾਰੰਟੀ ਦੀ ਬਜਾਏ
ਸਿਰਫ਼ ਭਰੋਸਾ ਪੱਤਰ ਨੂੰ ਪਹਿਲ ਦੇਣ 'ਤੇ ਚਿੰਤਾ ਪ੍ਰਗਟਾਈ ਹੈ। ਕੈਗ ਰੀਪੋਰਟ 'ਚ ਰਾਫ਼ੇਲ ਸੌਦੇ ਦੇ ਕਮਜ਼ੋਰ ਪਹਿਲੂਆਂ ਦਾ ਜ਼ਿਕਰ ਕਰਦਿਆਂ ਕੈਗ ਨੇ ਕਿਹਾ ਹੈ ਕਿ ਕਰਾਰ ਦੇ ਭੰਗ ਹੋਣ ਦੀ ਸਥਿਤੀ 'ਚ ਭਾਰਤ ਨੂੰ ਸਿੱਧੇ ਤੌਰ 'ਤੇ ਜਹਾਜ਼ ਫ਼ਰਾਂਸੀਸੀ ਸਪਲਾਈਕਰਤਾਵਾਂ ਨਾਲ ਮਾਮਲੇ ਨੂੰ ਹੱਲ ਕਰਨਾ ਪਵੇਗਾ। (ਪੀਟੀਆਈ)