
ਸੂਬੇ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਇਕ ਵਿਧਾਇਕ ਨੂੰ ਅਪਣਾ ਜਨਮਦਿਨ ਮਨਾਉਣਾ ਕਾਫ਼ੀ ਮਹਿੰਗਾ ਪੈ ਗਿਆ.....
ਯਵਤਮਲ (ਮਹਾਰਾਸ਼ਟਰ) : ਸੂਬੇ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਇਕ ਵਿਧਾਇਕ ਨੂੰ ਅਪਣਾ ਜਨਮਦਿਨ ਮਨਾਉਣਾ ਕਾਫ਼ੀ ਮਹਿੰਗਾ ਪੈ ਗਿਆ। ਜਨਮਦਿਨ ਪ੍ਰੋਗਰਾਮ 'ਚ ਵਿਧਾਇਕ ਦੀ ਪਤਨੀ ਅਤੇ ਵਿਧਾਇਕ ਦੀ ਮਹਿਲਾ ਮਿੱਤਰ ਨਾ ਸਿਰਫ਼ ਇਕ-ਦੂਜੀ ਦੇ ਆਹਮੋ-ਸਾਹਮਣੇ ਹੋ ਗਈਆਂ ਬਲਕਿ ਦੋਵੇਂ ਸ਼ਰੇਆਮ ਬੁਰੀ ਤਰ੍ਹਾਂ ਝਗੜ ਪਈਆਂ। ਇਹ ਪ੍ਰੋਗਰਾਮ ਵਿਧਾਇਕ ਦੇ ਜਨਮਦਿਨ ਮੌਕੇ ਕਰਵਾਇਆ ਗਿਆ ਸੀ। ਘਟਨਾ ਮੰਗਲਵਾਰ ਰਾਤ ਨੂੰ ਪੰਢਾਰਕਾਬਾੜਾ 'ਚ ਹੋਈ ਜੋ ਵਿਧਾਇਕ ਰਾਜੂ ਤੋਡਸਾਮ ਦੇ ਚੋਣ ਖੇਤਰ ਆਰਥੀ 'ਚ ਆਉਂਦਾ ਹੈ। ਘਟਨਾ ਦੌਰਾਨ ਕੁੱਝ ਲੋਕਾਂ ਨੇ ਵਿਧਾਇਕ ਨਾਲ ਹੱਥੋਪਾਈ ਵੀ ਕੀਤੀ।
ਵਿਧਾਇਕ ਦੇ ਕਰੀਬੀ ਸੂਤਰਾਂ ਨੇ ਕਿਹਾ ਕਿ ਤੋਡਸਾਮ ਦੀ ਪਤਨੀ ਪ੍ਰਾਇਮਰੀ ਸਕੂਲ 'ਚ ਅਧਿਆਪਕਾ ਹੈ ਅਤੇ ਉਸ ਦੇ ਦੋ ਬੱਚੇ ਹਨ। ਵਿਧਾਇਕ ਅਜੇ ਭਾਜਪੀ ਦੀ ਇਕ ਮਹਿਲਾ ਕਾਰਕੁਨ ਨਾਲ ਰਹਿ ਰਹੇ ਹਨ ਪਰ ਉਨ੍ਹਾਂ ਨੇ ਅਪਣੀ ਪਤਨੀ ਨੂੰ ਤਲਾਕ ਨਹੀਂ ਦਿਤਾ ਹੈ। ਵਿਧਾਇਕ ਦੇ ਹਮਾਇਤੀਆਂ ਨੇ ਮੰਗਲਵਾਰ ਨੂੰ ਉਨ੍ਹਾਂ ਦੇ ਜਨਮਦਿਨ ਮੌਕੇ ਇਕ ਕਬੱਡੀ ਟੂਰਨਾਮੈਂਟ ਕਰਵਾਇਆ ਸੀ, ਜਿੱਥੇ ਦੋਹਾਂ ਔਰਤਾਂ ਆਹਮੋ-ਸਾਹਮਣ ਹੋ ਗਈਆਂ। ਟੂਰਨਾਮੈਂਟ ਤੋਂ ਬਾਅਦ ਤੋਡਸਾਮ ਨੇ ਕੇਕ ਕਟਿਆ। ਇਸ ਤੋਂ ਉਨ੍ਹਾਂ ਦੀ ਪਤਨੀ ਅਤੇ ਮਹਿਲਾ ਮਿੱਤਰ ਵਿਚਕਾਰ ਬਹਿਸ ਹੋ ਗਈ ਜੋ ਹੱਥੋਪਾਈ 'ਚ ਬਦਲ ਗਈ।
ਤੋਡਸਾਮ ਜਦੋਂ ਔਰਤਾਂ ਨੂੰ ਸ਼ਾਂਮ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਉਨ੍ਹਾਂ ਨਾਲ ਵੀ ਹੱਥੋਪਾਈ ਕੀਤੀ ਗਈ। ਇਸ ਤੋਂ ਬਾਅਦ ਉਥੇ ਹਾਜ਼ਰ ਪੁਲਿਸ ਮੁਲਾਜ਼ਮਾਂ ਨੂੰ ਵਿਧਾਇਕ ਨੂੰ ਬਚਾਉਣ ਲਈ ਲਾਠੀਚਾਰਜ ਕਰਨਾ ਪਿਆ। ਉਨ੍ਹਾਂ ਕਿਹਾ ਕਿ ਤੋਡਸਾਮ ਦੀ ਮਹਿਲਾ ਮਿੱਤਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਅਜੇ ਤਕ ਕਿਸੇ ਵਿਰੁਧ ਐਫ਼.ਆਈ.ਆਰ. ਦਰਜ ਨਹੀਂ ਕਰਵਾਈ ਗਈ ਹੈ। ਇਹ ਸੰਜੋਗ ਹੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 16 ਫ਼ਰਵਰੀ ਨੂੰ ਪੰਢਾਰਕਾਬਾੜਾ 'ਚ ਹੀ ਮਹਿਲਾ ਸਵੈਮ-ਸਹਾਇਤਾ ਸਮੂਹਾਂ ਦੇ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਨ ਵਾਲੇ ਹਨ। (ਪੀਟੀਆਈ)