
ਜਵਾਨਾਂ ਤੇ ਕਿਸਾਨਾਂ ਨਾਲ ਧੱਕਾ ਹੋ ਰਿਹਾ ਹੈ ਤੇ ਅਸੀਂ ਇਸ ਖ਼ਿਲਾਫ ਕਾਨੂੰਨੀ ਢੰਗ ਨਾਲ ਲੜਾਂਗੇ- ਜਸਦੀਪ ਸਿੰਘ
ਨਵੀਂ ਦਿੱਲੀ (ਚਰਨਜੀਤ ਸਿੰਘ ਸੁਰਖ਼ਾਬ): ਦਿੱਲੀ ਹਿੰਸਾ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਕਰੀਬ ਬਜ਼ੁਰਗ ਗੁਰਮੁੱਖ ਸਿੰਘ ਅਤੇ ਜੀਤ ਸਿੰਘ ਬੀਤੀ ਰਾਤ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਰਿਹਾਅ ਹੋਏ। ਇਸ ਮੌਕੇ ਗੁਰਮੁੱਖ ਸਿੰਘ ਤੇ ਜੀਤ ਸਿੰਘ ਦੇ ਵਕੀਲ ਜਸਦੀਪ ਸਿੰਘ ਨੇ ਦੱਸਿਆ ਕਿ ਹਿੰਸਾ ਮਾਮਲੇ ਵਿਚ ਨੌਜਵਾਨਾਂ ਨੂੰ ਧੱਕੇ ਨਾਲ ਫਸਾਇਆ ਜਾ ਰਿਹਾ ਹੈ। ਉਹਨਾਂ ਕਿਹਾ ਇਸ ਮੁੱਦੇ ਨੂੰ ਜ਼ੋਰਾਂ-ਸ਼ੋਰਾਂ ਨਾਲ ਚੁੱਕਣ ਦੀ ਲੋੜ ਹੈ।
Jeet Singh & Gurmukh Singh released from jail
ਜਸਦੀਪ ਸਿੰਘ ਨੇ ਕਿਹਾ ਜਿਨ੍ਹਾਂ ਨੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ‘ਤੇ ਹਮਲਾ ਕੀਤਾ, ਉਹਨਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਕਿਹਾ ਬੇਹੱਦ ਦੁਖਦ ਗੱਲ ਹੈ ਕਿ ਸਾਡੇ ਨੌਜਵਾਨਾਂ ਨੂੰ ਬਿਨਾਂ ਕਿਸੇ ਅਧਾਰ ‘ਤੇ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ ਤੇ ਉਹਨਾਂ ਖ਼ਿਲਾਫ 307 ਦੇ ਪਰਚੇ ਦਰਜ ਕੀਤੇ ਜਾ ਰਹੇ ਹਨ।
Jasdeep Singh
ਜਸਦੀਪ ਸਿੰਘ ਨੇ ਦੱਸਿਆ ਕਿ ਇਹ ਲੜਾਈ ਬਹੁਤ ਲੰਬੀ ਹੈ। ਕਰੀਬ 150 ਵਕੀਲਾਂ ਵੱਲੋਂ ਟੀਮ ਬਣਾਈ ਗਈ ਹੈ ਤੇ ਅਸੀਂ ਮਿਲ ਕੇ ਇਸ ਧੱਕੇ ਖ਼ਿਲਾਫ਼ ਲੜਾਈ ਲੜਾਂਗੇ। ਗੁਰਮੁੱਖ ਸਿੰਘ ਤੇ ਜੀਤ ਸਿੰਘ ਦੀ ਗ੍ਰਿਫ਼ਤਾਰੀ ਬਾਰੇ ਗੱਲ ਕਰਦਿਆਂ ਜਸਦੀਪ ਸਿੰਘ ਨੇ ਦੱਸਿਆ ਕਿ ਇਹ ਲੋਕ ਤਿੰਨ ਮਹੀਨੇ ਤੋਂ ਬੁਰਾੜੀ ਮੈਦਾਨ ਵਿਚ ਬੈਠੇ ਸਨ। ਪੁਲਿਸ ਨੇ 28 ਜਨਵਰੀ ਨੂੰ ਇਕ ਜਾਅਲੀ ਪਰਚਾ ਦਰਜ ਕੀਤਾ, ਜਿਸ ਵਿਚ ਇਲਜ਼ਾਮ ਲਗਾਇਆ ਗਿਆ ਕਿ ਇਹ ਲੋਕ 28 ਜਨਵਰੀ ਰਾਤ ਨੂੰ ਲਾਲ ਕਿਲ੍ਹੇ ਜਾਣ ਦੀ ਗੱਲ ਕਰ ਰਹੇ ਸਨ।
Jasdeep Singh
ਉਹਨਾਂ ਦੱਸਿਆ ਕਿ ਗੁਰਮੁੱਖ ਸਿੰਘ ਇਕ ਸਾਬਕਾ ਫੌਜੀ ਹਨ ਤੇ ਉਹਨਾਂ ਨੇ ਦੇਸ਼ ਲਈ ਤਿੰਨ ਜੰਗਾਂ ਲੜੀਆਂ ਹਨ। ਉਹਨਾਂ ਕਿਹਾ ਕਾਨੂੰਨੀ ਕਾਰਵਾਈ ਨੂੰ ਥੋੜ੍ਹਾ ਸਮਾਂ ਲੱਗਦਾ ਹੈ ਤੇ ਅੱਜ ਹੋਈ ਰਿਹਾਈ ਲਈ ਉਹ ਬਹੁਤ ਖ਼ੁਸ਼ ਹਨ। ਉਹਨਾਂ ਕਿਹਾ ਸਾਡੇ ਜਵਾਨਾਂ ਤੇ ਕਿਸਾਨਾਂ ਨਾਲ ਧੱਕਾ ਹੋ ਰਿਹਾ ਹੈ ਤੇ ਅਸੀਂ ਇਸ ਖ਼ਿਲਾਫ ਕਾਨੂੰਨੀ ਢੰਗ ਨਾਲ ਲੜਾਂਗੇ।