
- ਭਾਰਤ ਦੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਅਤੇ ਨਿਊਜ਼ੀਲੈਂਡ ਦੇ ਡੇਵੋਨ ਕੋਨਵੇ ਨੂੰ ਛੱਡਿਆ ਪਿੱਛੇ
ਨਵੀਂ ਦਿੱਲੀ - ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੇ ਮੁਹੰਮਦ ਸਿਰਾਜ ਅਤੇ ਡੇਵੋਨ ਕੋਨਵੇ ਨੂੰ ਹਰਾ ਕੇ ਆਈਸੀਸੀ ਪਲੇਅਰ ਆਫ ਦਿ ਮੰਥ ਦਾ ਐਵਾਰਡ ਜਿੱਤਿਆ ਹੈ। ਸੋਮਵਾਰ ਨੂੰ ਆਈਸੀਸੀ ਨੇ ਜਨਵਰੀ ਲਈ ਪਲੇਅਰ ਆਫ ਦਿ ਮੰਥ ਅਵਾਰਡ ਦਾ ਐਲਾਨ ਕੀਤਾ। ਸ਼ੁਭਮਨ ਗਿੱਲ ਨੇ ਪਿਛਲੇ ਮਹੀਨੇ ਸਫੈਦ ਗੇਂਦ ਦੇ ਦੋਵਾਂ ਫਾਰਮੈਟਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਪਿਛਲੇ ਮਹੀਨੇ ਉਸ ਨੇ ਖੇਡ ਦੇ ਸਭ ਤੋਂ ਛੋਟੇ ਫਾਰਮੈਟ, ਟੀ-20 ਵਿਚ ਅੰਤਰਰਾਸ਼ਟਰੀ ਕ੍ਰਿਕਟ ਵਿਚ ਆਪਣੀ ਸ਼ੁਰੂਆਤ ਕੀਤੀ।
ਉਸ ਨੇ 1 ਫਰਵਰੀ ਨੂੰ ਨਿਊਜ਼ੀਲੈਂਡ ਖਿਲਾਫ਼ ਟੀ-20 ਅੰਤਰਰਾਸ਼ਟਰੀ ਸੈਂਕੜਾ ਵੀ ਲਗਾਇਆ ਸੀ। ਉਸ ਨੇ ਨਿਊਜ਼ੀਲੈਂਡ ਖ਼ਿਲਾਫ਼ ਨਾਬਾਦ 126 ਦੌੜਾਂ ਬਣਾਈਆਂ। ਇਸ ਸੈਂਕੜੇ ਦੇ ਨਾਲ ਉਹ ਤਿੰਨੋਂ ਫਾਰਮੈਟਾਂ ਵਿਚ ਸੈਂਕੜਾ ਲਗਾਉਣ ਵਾਲਾ ਪੰਜਵਾਂ ਭਾਰਤੀ ਬਣ ਗਿਆ ਹੈ। ਇਹ ਭਾਰਤ ਲਈ ਟੀ-20 ਕ੍ਰਿਕਟ ਦਾ ਸਭ ਤੋਂ ਵੱਡਾ ਸਕੋਰ ਵੀ ਹੈ। ਇਸ ਤੋਂ ਪਹਿਲਾਂ ਵਿਰਾਟ ਕੋਹਲੀ ਨੇ ਅਫਗਾਨਿਸਤਾਨ ਖਿਲਾਫ 122 ਦੌੜਾਂ ਦੀ ਨਾਟ ਆਊਟ ਪਾਰੀ ਖੇਡੀ ਸੀ।
ਇਹ ਵੀ ਪੜ੍ਹੋ - 328 ਪਾਵਨ ਸਰੂਪਾਂ ਨੂੰ ਲੈ ਕੇ ਹਰਜਿੰਦਰ ਸਿੰਘ ਧਾਮੀ ਦਾ ਬਿਆਨ, ‘ਸਰੂਪ ਕਿਤੇ ਵੀ ਲਾਪਤਾ ਨਹੀਂ ਹੋਏ ਅਤੇ ਨਾ ਹੀ ਬੇਅਦਬੀ ਹੋਈ’
ਗਿੱਲ ਸ਼੍ਰੀਲੰਕਾ ਖਿਲਾਫ਼ ਮੁੰਬਈ 'ਚ ਪਹਿਲੇ ਟੀ-20 ਮੈਚ 'ਚ 7 ਦੌੜਾਂ ਹੀ ਬਣਾ ਸਕੇ ਸਨ ਪਰ ਇਸ ਤੋਂ ਬਾਅਦ ਉਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਤੀਜੇ ਮੈਚ ਵਿਚ 46 ਦੌੜਾਂ ਬਣਾਈਆਂ। ਇਸ ਤੋਂ ਬਾਅਦ ਤਿੰਨ ਵਨਡੇ ਮੈਚਾਂ 'ਚ 70, 21 ਅਤੇ 116 ਦੌੜਾਂ ਬਣਾਈਆਂ। ਨਿਊਜ਼ੀਲੈਂਡ ਖਿਲਾਫ਼ ਹੈਦਰਾਬਾਦ 'ਚ ਪਹਿਲੇ ਵਨਡੇ 'ਚ ਉਸ ਨੇ 149 ਗੇਂਦਾਂ 'ਚ 208 ਦੌੜਾਂ ਬਣਾਈਆਂ। ਉਹ ਵਨਡੇ ਕ੍ਰਿਕਟ ਵਿੱਚ ਦੋਹਰਾ ਸੈਂਕੜਾ ਲਗਾਉਣ ਵਾਲਾ ਸਭ ਤੋਂ ਘੱਟ ਉਮਰ ਦਾ ਕ੍ਰਿਕਟਰ ਬਣਿਆ। ਇਸ ਤੋਂ ਬਾਅਦ ਅਗਲੀਆਂ ਦੋ ਪਾਰੀਆਂ ਵਿਚ ਉਸ ਨੇ 40 ਅਤੇ 112 ਦੌੜਾਂ ਬਣਾਈਆਂ। ਉਸ ਨੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ 'ਚ 360 ਦੌੜਾਂ ਬਣਾ ਕੇ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਦੇ ਰਿਕਾਰਡ ਦੀ ਬਰਾਬਰੀ ਕੀਤੀ।