
ਗੌੜ ਦੀ ਦੇਹ ਨੂੰ ਦਿੱਲੀ ਵਿਚ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਸੌਂਪ ਦਿੱਤਾ ਗਿਆ, ਜੋ ਅੰਤਿਮ ਸੰਸਕਾਰ ਲਈ ਇਸ ਨੂੰ ਮੁਕਤੀਧਾਮ ਲੈ ਕੇ ਆਏ।
ਨਵੀਂ ਦਿੱਲੀ : ਤੁਰਕੀ ਵਿਚ ਪਿਛਲੇ ਹਫ਼ਤੇ ਆਏ ਭੂਚਾਲ ਵਿਚ ਜਾਨ ਗੁਆਉਣ ਵਾਲੇ 36 ਸਾਲਾ ਵਿਜੇ ਕੁਮਾਰ ਗੌੜ ਦੀ ਦੇਹ ਨੂੰ ਸੋਮਵਾਰ ਸਵੇਰੇ ਦਿੱਲੀ ਲਿਆਂਦਾ ਗਿਆ ਅਤੇ ਕੋਟਦਵਾਰ ਵਿਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਸਬੰਧੀ ਇਕ ਰਿਸ਼ਤੇਦਾਰ ਦਵਿੰਦਰ ਨਵਾਨੀ ਨੇ ਮੀਡੀਆ ਨੂੰ ਦੱਸਿਆ ਕਿ ਗੌੜ ਦੀ ਦੇਹ ਨੂੰ ਦਿੱਲੀ ਵਿਚ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਸੌਂਪ ਦਿੱਤਾ ਗਿਆ, ਜੋ ਅੰਤਿਮ ਸੰਸਕਾਰ ਲਈ ਇਸ ਨੂੰ ਮੁਕਤੀਧਾਮ ਲੈ ਕੇ ਆਏ।
ਪੌੜੀ ਜ਼ਿਲ੍ਹੇ ਦੇ ਕੋਟਦਵਾਰ ਦੇ ਪਦਮਪੁਰ ਖੇਤਰ ਦੇ ਵਾਸੀ ਗੌੜ ਬੈਂਗਲੁਰੂ ਦੀ ਇਕ ਕੰਪਨੀ ਲਈ ਕੰਮ ਕਰਦੇ ਸਨ ਤੇ ਇਕ ਅਧਿਕਾਰਤ ਕੰਪ ਦੇ ਸਿਲਸਿਲੇ ਵਿਚ ਤੁਰਕੀ ਗਏ ਸਨ। 6 ਫ਼ਰਵਰੀ ਨੂੰ ਤੁਰਕੀ ਵਿਚ ਆਏ ਭਿਆਨਕ ਭੂਚਾਲ ਤੋਂ ਬਾਅਦ ਉਹ ਲਾਪਤਾ ਸਨ। ਉਨ੍ਹਾਂ ਦੀ ਦੇਹ ਸ਼ਨਿੱਚਰਵਾਰ ਨੂੰ ਤੁਰਕੀ ਦੇ ਸ਼ਹਿਰ ਮਾਲਾਲਯਾ ਦੇ ਇਕ ਹੋਟਲ ਦੇ ਮਲਬੇ ਵਿਚ ਮਿਲੀ ਸੀ, ਜਿੱਥੇ ਉਹ ਰੁਕੇ ਹੋਏ ਸਨ।
ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਦਾ ਹਵਾਲਾ ਦਿੰਦਿਆਂ ਪਰਿਵਾਰ ਨੇ ਕਿਹਾ ਸੀ ਕਿ ਗੌੜ ਦੀ ਪਛਾਣ ਉਨ੍ਹਾਂ ਦੇ ਹੱਥ 'ਤੇ ਬਣੇ ਓਮ ਦੇ ਟੈਟੂ ਤੋਂ ਹੋਈ। ਉਨ੍ਹਾਂ ਦਾ ਚਿਹਰਾ ਬੁਰੀ ਤਰ੍ਹਾਂ ਨਾਲ ਕੁਚਲਿਆ ਹੋਇਆ ਸੀ। ਗੌੜ ਦੇ ਪਰਿਵਾਰ ਵਿਚ ਉਨ੍ਹਾਂ ਦੀ ਪਤਨੀ ਅਤੇ 6 ਸਾਲ ਦਾ ਬੱਚਾ ਵੀ ਹੈ।