
ਪਾਰਕਿੰਗ ਵਿਵਾਦ ਤੋਂ ਬਾਅਦ ਅਪਣੀ ਸ਼ਿਕਾਇਤ ’ਤੇ ਤੁਰਤ ਕਾਰਵਾਈ ਦੀ ਮੰਗ ਕਰ ਰਿਹਾ ਸੀ ਰੋਹਿਦਾਸ ਜਾਧਵ
ਪੁਣੇ: ਮਹਾਰਾਸ਼ਟਰ ’ਚ ਇਕ ਪੁਲਿਸ ਚੌਕੀ ਦੇ ਬਾਹਰ ਇਕ 34 ਸਾਲ ਦੇ ਵਿਅਕਤੀ ਨੇ ਖੁਦ ਨੂੰ ਅੱਗ ਲਗਾ ਲਈ, ਜਿਸ ਕਾਰਨ ਉਹ ਗੰਭੀਰ ਰੂਪ ਨਾਲ ਝੁਲਸ ਗਿਆ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ।
ਇਹ ਘਟਨਾ ਮੰਗਲਵਾਰ ਨੂੰ ਵਾਘੋਲੀ ਇਲਾਕੇ ’ਚ ਵਾਪਰੀ। ਪੁਲਿਸ ਨੇ ਦਸਿਆ ਕਿ ਰੋਹਿਦਾਸ ਜਾਧਵ ਨੇ ਪੁਲਿਸ ਚੌਕੀ ਦੇ ਬਾਹਰ ਖੁਦ ਨੂੰ ਅੱਗ ਲਗਾ ਲਈ। ਪੁਲਿਸ ਵਾਲਿਆਂ ਨੇ ਅੱਗ ਬੁਝਾਈ ਅਤੇ ਜਾਧਵ ਨੂੰ ਹਸਪਤਾਲ ਪਹੁੰਚਾਇਆ। ਪੁਲਿਸ ਨੇ ਦਸਿਆ ਕਿ ਜਾਧਵ ਦੀ ਹਾਲਤ ਨਾਜ਼ੁਕ ਹੈ।
ਰੋਹਿਦਾਸ ਜਾਧਵ ਨੇ ਅਪਣੀ ਹਾਊਸਿੰਗ ਸੋਸਾਇਟੀ ’ਚ ਪਾਰਕਿੰਗ ਵਿਵਾਦ ਨੂੰ ਲੈ ਕੇ ਇਕ ਹੋਰ ਵਿਅਕਤੀ ਵਿਰੁਧ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ’ਚ ਪੁਲਿਸ ਨੇ ਗੈਰ-ਸੰਗੀਨ ਅਪਰਾਧ ਦੇ ਤਹਿਤ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ ’ਚ ਇਕ ਜਵਾਬੀ ਸ਼ਿਕਾਇਤ ਵੀ ਦਰਜ ਕੀਤੀ ਗਈ ਸੀ।
ਜਾਧਵ ਨੇ ਅੱਜ ਸਵੇਰੇ ਵਾਘੋਲੀ ਇਲਾਕੇ ’ਚ ਪੁਲਿਸ ਚੌਕੀ ਦਾ ਦੌਰਾ ਕੀਤਾ ਅਤੇ ਅਪਣੀ ਸ਼ਿਕਾਇਤ ’ਤੇ ਤੁਰਤ ਕਾਰਵਾਈ ਦੀ ਮੰਗ ਕੀਤੀ। ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਲੋੜੀਂਦੀ ਕਾਰਵਾਈ ਦਾ ਭਰੋਸਾ ਦਿਤਾ ਕਿਉਂਕਿ ਗੈਰ-ਸੰਗੀਨ ਅਪਰਾਧ ਤਹਿਤ ਦਾਇਰ ਕੀਤੀ ਗਈ ਸ਼ਿਕਾਇਤ ’ਚ ਗ੍ਰਿਫਤਾਰੀ ਦਾ ਕੋਈ ਪ੍ਰਬੰਧ ਨਹੀਂ ਹੈ। ਅਧਿਕਾਰੀ ਨੇ ਕਿਹਾ ਕਿ ਜਾਧਵ ਨੂੰ ਇਹ ਮਾਮਲਾ ਸਮਝ ਨਹੀਂ ਆਇਆ। ਇਸ ਤੋਂ ਬਾਅਦ ਜਾਧਵ ਬਾਹਰ ਗਿਆ ਅਤੇ ਖ਼ੁਦ ’ਤੇ ਕੋਈ ਜਲਣਸ਼ੀਲ ਪਦਾਰਥ ਪਾ ਕੇ ਖੁਦ ਨੂੰ ਅੱਗ ਲਗਾ ਲਈ।