
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵਲੋਂ ਲੋਕ ਸਭਾ ਚੋਣਾਂ 'ਚ ਮੁਕਾਬਲਾ 'ਅਲੀ' ਅਤੇ 'ਬਜਰੰਗ ਬਲੀ' ਵਿਚਕਾਰ ਹੋਣ ਦੇ
ਨਵੀਂ ਦਿੱਲੀ : ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵਲੋਂ ਲੋਕ ਸਭਾ ਚੋਣਾਂ 'ਚ ਮੁਕਾਬਲਾ 'ਅਲੀ' ਅਤੇ 'ਬਜਰੰਗ ਬਲੀ' ਵਿਚਕਾਰ ਹੋਣ ਦੇ ਬਿਆਨ ਤੋਂ ਬਾਅਦ ਇਸ ਬਾਰੇ ਸਿਆਸੀ ਸ਼ਬਦੀ ਜੰਗ ਸ਼ੁਰੂ ਹੋ ਗਈ ਹੈ। ਬਸਪਾ ਸੁਪਰੀਮੋ ਮਾਇਆਵਤੀ ਨੇ ਆਦਿਤਿਆਨਾਥ 'ਤੇ ਨਿਸ਼ਾਨਾ ਲਾਉਂਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਨੂੰ ਨਾ ਤਾਂ 'ਅਲੀ' ਅਤੇ ਨਾ ਹੀ 'ਬਜਰੰਗਬਲੀ' ਦਾ ਵੋਟ ਪਵੇਗਾ। ਉਨ੍ਹਾਂ ਕਿਹਾ, ''ਮੈਂ ਯੋਗੀ ਨੂੰ ਕਹਿਣਾ ਚਾਹੁੰਦੀ ਹਾਂ ਕਿ ਸਾਡੇ ਅਲੀ ਵੀ ਹਨ ਅਤੇ ਬਜਰੰਗਬਲੀ ਵੀ ਹਨ। ਸਾਡੇ ਲਈ ਦੋਵੇਂ ਅਪਣੇ ਹੀ ਹਨ।
ਕੋਈ ਵੀ ਗ਼ੈਰ ਨਹੀਂ ਹੈ ਇਸ ਲਈ ਸਾਨੂੰ ਅਲੀ ਵੀ ਚਾਹੀਦਾ ਹੈ ਅਤੇ ਬਜਰੰਗਬਲੀ ਵੀ ਚਾਹੀਦਾ ਹੈ।''ਉਧਰ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸਮਾਜਵਾਦੀ ਪਾਰਟੀ ਦੇ ਆਗੂ ਆਜ਼ਮ ਖ਼ਾਨ ਦੇ 'ਬਜਰੰਗਬਲੀ' ਵਾਲੇ ਬਿਆਨ ਲਈ ਸਨਿਚਰਵਾਰ ਨੂੰ ਉਨ੍ਹਾਂ 'ਤੇ ਨਿਸ਼ਾਨਾ ਲਾਇਆ ਅਤੇ ਦੋਸ਼ ਲਾਇਆ ਕਿ ਉਹ ਫ਼ਿਰਕੂ ਤਣਾਅ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇਹਨ। ਪਾਰਟੀ ਨੇ ਉਨ੍ਹਾਂ ਨੂੰ ਅਪਣੀ ਜ਼ੁਬਾਨ ਸੰਭਾਲਣ ਨੂੰ ਕਿਹਾ।
ਪਾਰਟੀ ਆਗੂ ਸ਼ਾਹਨਵਾਜ਼ ਹੁਸੈਨ ਨੇ ਕਿਹਾ ਕਿ ਆਜ਼ਮ ਖ਼ਾਨ ਨੂੰ ਸਮਝਦਾਰੀ ਨਾਲ ਅਪਣੇ ਸ਼ਬਦ ਚੁਣਨੇ ਚਾਹੀਦੇ ਹਨ। ਆਜ਼ਮ ਖ਼ਾਨ ਨੇ ਸ਼ੁਕਰਵਾਰ ਨੂੰ ਇਹ ਬਿਆਨ ਦੇ ਕੇ ਵਿਵਾਦ ਖੜਾ ਕਰ ਦਿਤਾ ਸੀ ਕਿ 'ਅਲੀ ਅਤੇ ਬਜਰੰਗਬਲੀ ਦੀ ਥਾਂ ਬਜਰੰਗ ਅਲੀ ਹੋਣਾ ਚਾਹੀਦਾ ਹੈ। ਬਜਰੰਗ ਅਲੀ, ਤੋੜ ਦੇਵੇ ਦੁਸ਼ਮਣ ਦੀ ਨਲੀ।' ਜ਼ਿਕਰਯੋਗ ਹੈ ਕਿ ਅਲੀ ਅਤੇ ਬਜਰੰਗਬਲੀ ਵਾਲੇ ਬਿਆਨ ਲਈ ਭਾਜਪਾ ਆਗੂ ਯੋਗੀ ਆਦਿਤਿਆਨਾਥ ਨੂੰ ਚੋਣ ਕਮਿਸ਼ਨ ਨੇ ਕਾਰਨ ਦੱਸੋ ਨੋਟਿਸ ਵੀ ਦਿਤਾ ਸੀ। (ਪੀਟੀਆਈ)