
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਹੈ ਕਿ ਕੋਰੋਨਾ ਵਾਇਰਸ ਦੇ ਸੰਕਟ ਨੂੰ ਧਿਆਨ ਵਿਚ ਰਖਦਿਆਂ ਕੌਮੀ ਖਾਧ ਸੁਰੱਖਿਆ
ਨਵੀਂ ਦਿੱਲੀ, 13 ਅਪ੍ਰੈਲ: ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਹੈ ਕਿ ਕੋਰੋਨਾ ਵਾਇਰਸ ਦੇ ਸੰਕਟ ਨੂੰ ਧਿਆਨ ਵਿਚ ਰਖਦਿਆਂ ਕੌਮੀ ਖਾਧ ਸੁਰੱਖਿਆ ਕਾਨੂੰਨ ਤਹਿਤ ਆਉਣ ਵਾਲੇ ਲਾਭਪਾਤਰੀਆਂ ਨੂੰ ਸਤੰਬਰ ਮਹੀਨੇ ਤਕ ਪ੍ਰਤੀ ਵਿਅਕਤੀ 10 ਕਿਲੋਗ੍ਰਾਮ ਅਨਾਜ ਉਪਲਭਧ ਕਰਾਇਆ ਜਾਵੇ ਅਤੇ ਮੁਸ਼ਕਲ ਵਿਚ ਘਿਰੇ ਉਨ੍ਹਾਂ ਲੋਕਾਂ ਨੂੰ ਵੀ ਇਹ ਰਾਹਤ ਦਿਤੀ ਜਾਵੇ ਜਿਨ੍ਹਾਂ ਕੋਲ ਰਾਸ਼ਨ ਕਾਰਡ ਨਹੀਂ ਹੈ।
File photo
ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ ਵਿਚ ਸੋਨੀਆ ਨੇ ਇਹ ਵੀ ਕਿਹਾ ਕਿ ਕੋਰੋਨਾ ਵਾਇਰਸ ਵਿਰੁਧ ਜੰਗ ਦੀ ਇਸ ਘੜੀ ਵਿਚ ਸਰਕਾਰ ਨੂੰ ਇਹ ਯਕੀਨੀ ਕਰਨਾ ਪਵੇਗਾ ਕਿ ਕਿਸੇ ਵੀ ਨਾਗਰਿਕ ਸਾਹਮਣੇ ਭੁੱਖਮਰੀ ਦਾ ਸੰਕਟ ਪੈਦਾ ਨਾ ਹੋਵੇ। ਉਨ੍ਹਾਂ ਕਿਹਾ, 'ਤਾਲਾਬੰਦੀ ਕਾਰਨ ਦੇਸ਼ ਵਿਚ ਲੱਖਾਂ ਲੋਕ ਗੰਭੀਰ ਖਾਧ ਅਸੁਰੱਖਿਆ ਦਾ ਸਾਹਮਣਾ ਕਰ ਰਹੇ ਹਨ।
ਇਹ ਬਹੁਤ ਦੁਖਦ ਹੈ ਕਿਉਂਕਿ ਦੇਸ਼ ਕੋਲ ਵਿਸ਼ਾਲ ਅੰਨ ਭੰਡਾਰ ਹੈ।' ਕਾਂਗਰਸ ਪ੍ਰਧਾਨ ਨੇ ਸੁਝਾਅ ਦਿਤਾ, 'ਖਾਧ ਸੁਰੱਖਿਆ ਕਾਨੂੰਨ ਦੇ ਲਾਭਪਾਤਰੀਆਂ ਨੂੰ ਪ੍ਰਤੀ ਵਿਅਕਤੀ 10 ਕਿਲੋਗ੍ਰਾਮ ਅਨਾਜ ਦੀ ਸਹੂਲਤ ਤਿੰਨ ਮਹੀਨੇ ਲਈ ਹੋਰ ਵਧਾ ਦੇਣੀ ਚਾਹੀਦੀ ਹੈ।' ਉਨ੍ਹਾਂ ਇਹ ਵੀ ਕਿਹਾ ਕਿ ਮੌਜੂਦਾ ਹਾਲਾਤ ਨੂੰ ਵੇਖਦਿਆਂ ਲੋਕਾਂ ਨੂੰ ਅਨਾਜ ਮੁਫ਼ਤ ਵਿਚ ਮੁਹਈਆ ਕਰਾਇਆ ਜਾਣਾ ਚਾਹੀਦਾ ਹੈ। ਸਰਕਾਰ ਨੇ ਪਹਿਲਾਂ ਹੀ ਅਪ੍ਰੈਲ ਤੋਂ ਜੂਨ ਤਕ ਪ੍ਰਤੀ ਵਿਅਕਤੀ 10 ਕਿਲੋਗ੍ਰਾਮ ਅਨਾਜ ਦੇਣ ਦਾ ਫ਼ੈਸਲਾ ਕੀਤਾ ਹੈ। (ਏਜੰਸੀ)