ਬਾਬਾ ਸਾਹਿਬ ਨਾ ਸਿਰਫ ਭਾਰਤੀ ਸੰਵਿਧਾਨ ਦੇ ਨਿਰਮਾਤਾ ਸਨ, ਬਲਕਿ ਸਮਾਜਕ ਨਿਆਂ ਦੇ ਸਮਰਥਕ ਵੀ ਸਨ : ਰਾਸ਼ਟਰਪਤੀ
ਨਵੀਂ ਦਿੱਲੀ: ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਉਪ ਰਾਸ਼ਟਰਪਤੀ ਜਗਦੀਪ ਧਨਖੜ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਐਤਵਾਰ ਨੂੰ ਸੰਸਦ ਭਵਨ ’ਚ ਬਾਬਾ ਸਾਹਿਬ ਅੰਬੇਡਕਰ ਦੀ ਜਯੰਤੀ ’ਤੇ ਉਨ੍ਹਾਂ ਦੀ ਮੂਰਤੀ ’ਤੇ ਫੁੱਲ ਭੇਟ ਕੀਤੇ। ਇਸ ਮੌਕੇ ਕੇਂਦਰੀ ਮੰਤਰੀ, ਸੰਸਦ ਮੈਂਬਰ, ਸਾਬਕਾ ਸੰਸਦ ਮੈਂਬਰ ਅਤੇ ਹੋਰ ਪਤਵੰਤੇ ਮੌਜੂਦ ਸਨ। ਇਸ ਤੋਂ ਬਾਅਦ ਕਈ ਲੋਕਾਂ ਨੇ ਪੁਰਾਣੇ ਸੰਸਦ ਭਵਨ ਦੇ ਸੈਂਟਰਲ ਹਾਲ ’ਚ ਅੰਬੇਡਕਰ ਦੀ ਤਸਵੀਰ ’ਤੇ ਫੁੱਲ ਭੇਟ ਕੀਤੇ। ਲੋਕ ਸਭਾ ਅਤੇ ਰਾਜ ਸਭਾ ਦੇ ਸਕੱਤਰ ਜਨਰਲ ਉਤਪਲ ਕੁਮਾਰ ਸਿੰਘ ਅਤੇ ਪੀ.ਸੀ. ਮੋਦੀ ਨੇ ਵੀ ਸੈਂਟਰਲ ਹਾਲ ਵਿਚ ਅੰਬੇਡਕਰ ਨੂੰ ਸ਼ਰਧਾਂਜਲੀ ਭੇਟ ਕੀਤੀ।
ਅੰਬੇਡਕਰ ਦੀ ਤਸਵੀਰ ਦਾ ਉਦਘਾਟਨ 12 ਅਪ੍ਰੈਲ 1990 ਨੂੰ ਤਤਕਾਲੀ ਪ੍ਰਧਾਨ ਮੰਤਰੀ ਵਿਸ਼ਵਨਾਥ ਪ੍ਰਤਾਪ ਸਿੰਘ ਨੇ ਸੈਂਟਰਲ ਹਾਲ ’ਚ ਕੀਤਾ ਸੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਇਕ ਬਿਆਨ ’ਚ ਕਿਹਾ, ‘‘ਸਾਡੇ ਸੰਵਿਧਾਨ ਦੇ ਨਿਰਮਾਤਾ ਅਤੇ ਸੱਭ ਤੋਂ ਮਹਾਨ ਰਾਸ਼ਟਰ ਨਿਰਮਾਤਾਵਾਂ ’ਚੋਂ ਇਕ ਬਾਬਾ ਸਾਹਿਬ ਭੀਮਰਾਉ ਰਾਮਜੀ ਅੰਬੇਡਕਰ ਦੀ ਜਯੰਤੀ ਦੇ ਮੌਕੇ ’ਤੇ ਮੈਂ ਸਾਰੇ ਨਾਗਰਿਕਾਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।’’
ਉਨ੍ਹਾਂ ਕਿਹਾ ਕਿ ਭਾਰਤ ਦੇ ਮਹਾਨ ਸਪੂਤ ਬਾਬਾ ਸਾਹਿਬ ਨਾ ਸਿਰਫ ਭਾਰਤੀ ਸੰਵਿਧਾਨ ਦੇ ਨਿਰਮਾਤਾ ਸਨ, ਬਲਕਿ ਸਮਾਜਕ ਨਿਆਂ ਦੇ ਸਮਰਥਕ ਵੀ ਸਨ। ਉਸ ਨੇ ਇਕ ਸੰਵਿਧਾਨਕ ਢਾਂਚੇ ਰਾਹੀਂ ਇਕ ਸਮਾਨਤਾਵਾਦੀ ਭਾਰਤ ਦੇ ਨਿਰਮਾਣ ਲਈ ਸਮਾਜਕ ਤਬਦੀਲੀ ਦੀ ਅਗਵਾਈ ਕੀਤੀ ਜਿਸ ਨੇ ਕਾਨੂੰਨ ਦੇ ਸ਼ਾਸਨ, ਨਾਗਰਿਕ ਆਜ਼ਾਦੀ, ਲਿੰਗ ਸਮਾਨਤਾ ਅਤੇ ਹਾਸ਼ੀਏ ’ਤੇ ਪਏ ਵਰਗਾਂ ਦੇ ਸਸ਼ਕਤੀਕਰਨ ਨੂੰ ਉਤਸ਼ਾਹਤ ਕੀਤਾ। ਲੋਕ ਸਭਾ ਸਪੀਕਰ ਬਿਰਲਾ ਨੇ ਅੰਬੇਡਕਰ ਨੂੰ ਇਕ ਮਹਾਨ ਰਾਸ਼ਟਰ ਨਿਰਮਾਤਾ ਵਜੋਂ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਦਾ ਜੀਵਨ ਸਮਾਜਕ ਨਿਆਂ ਲਈ ਇਕ ਵਿਲੱਖਣ ਸੰਘਰਸ਼ ਦਾ ਸਮਾਨਾਰਥੀ ਸੀ।
ਭਾਰਤ ਦੇ ਚੀਫ ਜਸਟਿਸ ਡੀ.ਵਾਈ. ਚੰਦਰਚੂੜ ਨੇ ਐਤਵਾਰ ਨੂੰ ਬਾਬਾ ਸਾਹਿਬ ਅੰਬੇਡਕਰ ਨੂੰ ਉਨ੍ਹਾਂ ਦੀ ਜਯੰਤੀ ’ਤੇ ਸ਼ਰਧਾਂਜਲੀ ਦਿਤੀ। ਚੀਫ ਜਸਟਿਸ ਚੰਦਰਚੂੜ ਨੇ ਕਿਹਾ, ‘‘ਇਹ ਸਾਡੇ ਸਾਰਿਆਂ ਲਈ ਬਹੁਤ ਖਾਸ ਦਿਨ ਹੈ। ਅੰਬੇਡਕਰ ਸਾਡੇ ਸੰਵਿਧਾਨ ਦੇ ਨਿਰਮਾਤਾ ਸਨ ਜਿਨ੍ਹਾਂ ਨੇ ਸਮਾਜਕ ਤਬਦੀਲੀ ਲਿਆਂਦੀ ਅਤੇ ਉਨ੍ਹਾਂ ਦਾ ਸੰਦੇਸ਼ ਅੱਜ ਵੀ ਓਨਾ ਹੀ ਪ੍ਰਸੰਗਿਕ ਹੈ ਜਿੰਨਾ ਉਨ੍ਹਾਂ ਨੇ ਭਾਰਤੀ ਸੰਵਿਧਾਨ ਦਾ ਖਰੜਾ ਤਿਆਰ ਕਰਨ ਵੇਲੇ ਸੀ।’’ ਉਨ੍ਹਾਂ ਨੇ ਸੁਪਰੀਮ ਕੋਰਟ ਕੰਪਲੈਕਸ ’ਚ ਅੰਬੇਡਕਰ ਦੀ ਮੂਰਤੀ ’ਤੇ ਫੁੱਲ ਭੇਟ ਕੀਤੇ। ਇਹ ਪ੍ਰੋਗਰਾਮ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਵਲੋਂ ਕੀਤਾ ਗਿਆ ਸੀ।
ਇਸ ਤੋਂ ਇਲਾਵਾ ਸੰਵਿਧਾਨ ਨਿਰਮਾਤਾ ਅੰਬੇਡਕਰ ਦੇ ਪੈਰੋਕਾਰਾਂ ਨੇ ਅੱਜ ਦੇਸ਼ ਭਰ ’ਚ ਉਨ੍ਹਾਂ ਨੂੰ ਸ਼ਰਧਾਂਜਲੀ ਦਿਤੀ। ਅੰਬੇਡਕਰ ਨੂੰ ਉਨ੍ਹਾਂ ਦੀ 133ਵੀਂ ਜਯੰਤੀ ’ਤੇ ਪੂਰੇ ਮਹਾਰਾਸ਼ਟਰ ’ਚ ਸ਼ਰਧਾਂਜਲੀ ਦਿਤੀ ਗਈ। ਹਜ਼ਾਰਾਂ ਲੋਕ ਮੁੰਬਈ ਦੇ ਦਾਦਰ ’ਚ ਚਿਤਯਭੂਮੀ ਅਤੇ ਨਾਗਪੁਰ ’ਚ ਦੀਕਸ਼ਾਭੂਮੀ ’ਚ ਇਕੱਠੇ ਹੋਏ। ਕੇਂਦਰੀ ਮੰਤਰੀ ਨਿਤਿਨ ਗਡਕਰੀ ਅਤੇ ਮਹਾਰਾਸ਼ਟਰ ਭਾਜਪਾ ਪ੍ਰਧਾਨ ਚੰਦਰਸ਼ੇਖਰ ਬਾਵਨਕੁਲੇ ਨਾਗਪੁਰ ਦੀ ਦੀਕਸ਼ਾਭੂਮੀ ਪਹੁੰਚੇ। ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਦਾਦਰ ਵਿਖੇ ਅੰਬੇਡਕਰ ਨੂੰ ਸ਼ਰਧਾਂਜਲੀ ਦਿਤੀ।
ਅੰਬੇਡਕਰ ਦੀ ਜਯੰਤੀ ’ਤੇ ‘ਆਪ’ ਆਗੂਆਂ ਨੇ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹੀ
ਨਵੀਂ ਦਿੱਲੀ: ਆਮ ਆਦਮੀ ਪਾਰਟੀ (ਆਪ) ਦੇ ਨੇਤਾਵਾਂ ਨੇ ਐਤਵਾਰ ਨੂੰ ਬਾਬਾ ਸਾਹਿਬ ਅੰਬੇਡਕਰ ਦੀ ਜਯੰਤੀ ਦੇ ਮੌਕੇ ’ਤੇ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹੀ। ‘ਸੰਵਿਧਾਨ ਬਚਾਉ, ਤਾਨਾਸ਼ਾਹੀ ਹਟਾਉ’ ਸਹੁੰ ਚੁੱਕ ਸਮਾਰੋਹ ’ਚ ਹਿੱਸਾ ਲੈਣ ਲਈ ‘ਆਪ’ ਵਰਕਰ ਅਤੇ ਨੇਤਾ ਰਾਊਜ਼ ਐਵੇਨਿਊ ਸਥਿਤ ਪਾਰਟੀ ਹੈੱਡਕੁਆਰਟਰ ’ਚ ਇਕੱਠੇ ਹੋਏ। ਇਸ ਮੌਕੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਜਦੋਂ ਤਕ ਆਮ ਆਦਮੀ ਪਾਰਟੀ ਮੌਜੂਦ ਹੈ, ਇਸ ਦੇ ਵਰਕਰ ਆਖਰੀ ਸਾਹ ਤਕ ਸੰਵਿਧਾਨ ਦੀ ਰਾਖੀ ਲਈ ਲੜਦੇ ਰਹਿਣਗੇ। ਭਾਜਪਾ ਸੰਵਿਧਾਨ ’ਚ ਸੋਧ ਕਰਨਾ ਚਾਹੁੰਦੀ ਹੈ।’’ ਸੰਜੇ ਸਿੰਘ ਨੇ ਲੋਕਾਂ ਨੂੰ ਆਗਾਮੀ ਲੋਕ ਸਭਾ ਚੋਣਾਂ ’ਚ ਦਿੱਲੀ ਦੀਆਂ ਸਾਰੀਆਂ ਸੱਤ ਸੀਟਾਂ ’ਤੇ ਵਿਰੋਧੀ ‘ਇੰਡੀਆ’ ਉਮੀਦਵਾਰਾਂ ਨੂੰ ਵੋਟ ਦੇਣ ਲਈ ਕਿਹਾ। ਉਨ੍ਹਾਂ ਕਿਹਾ, ‘‘ਜੇ ਤੁਸੀਂ ਚਾਹੁੰਦੇ ਹੋ ਕਿ (ਦਿੱਲੀ ਦੇ ਮੁੱਖ ਮੰਤਰੀ) ਅਰਵਿੰਦ ਕੇਜਰੀਵਾਲ ਜੇਲ੍ਹ ਤੋਂ ਬਾਹਰ ਆਉਣ ਤਾਂ ਤੁਹਾਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਦਿੱਲੀ ਦੀਆਂ ਸਾਰੀਆਂ ਸੱਤ ਸੀਟਾਂ ’ਤੇ ਭਾਜਪਾ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਜਾਵੇ। ਤੁਹਾਨੂੰ ਸਾਰੀਆਂ ਸੱਤ ਸੀਟਾਂ ’ਤੇ ‘ਆਪ’ ਅਤੇ ਕਾਂਗਰਸ ਦੇ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣੀ ਪਵੇਗੀ।’’ ਸਮਾਗਮ ਵਿਚ ਮੌਜੂਦ ਲੋਕਾਂ ਨੇ ‘ਜੈ ਭੀਮ’ ਅਤੇ ‘ਬਾਬਾ ਸਾਹਿਬ ਅਮਰ ਰਹੇਂਗੇ’ ਦੇ ਨਾਅਰੇ ਲਗਾਏ।
ਕਾਂਗਰਸ ਨੇ ਹਮੇਸ਼ਾ ਡਾ. ਅੰਬੇਡਕਰ ਦਾ ਅਪਮਾਨ ਕੀਤਾ, ਅਸੀਂ ਉਨ੍ਹਾਂ ਨੂੰ ਸਨਮਾਨ ਦਿਤਾ: ਮੋਦੀ
ਲਖਨਊ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਡਾ. ਬਾਬਾ ਸਾਹਿਬ ਅੰਬੇਡਕਰ ਦਾ ਅਪਮਾਨ ਕੀਤਾ ਹੈ ਪਰ ਉਨ੍ਹਾਂ ਦੀ ਸਰਕਾਰ ਉਨ੍ਹਾਂ ਦਾ ਸਨਮਾਨ ਕਰਦੀ ਹੈ। ਮੱਧ ਪ੍ਰਦੇਸ਼ ਦੇ ਨਰਮਦਾਪੁਰਮ ਜ਼ਿਲ੍ਹੇ ਦੇ ਪਿਪਰੀਆ ’ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਇਹ ਵੀ ਕਿਹਾ ਕਿ ਕਾਂਗਰਸ ਨੇ ਕਦੇ ਵੀ ਆਦਿਵਾਸੀਆਂ ਦੇ ਯੋਗਦਾਨ ਨੂੰ ਮਾਨਤਾ ਨਹੀਂ ਦਿਤੀ ਪਰ ਭਾਜਪਾ ਸਰਕਾਰ ਨੇ ਉਨ੍ਹਾਂ ਦਾ ਸਨਮਾਨ ਕੀਤਾ।
ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਦੀ ਜਯੰਤੀ ’ਤੇ ਮੋਦੀ ਨੇ ਕਿਹਾ, ‘‘ਕਾਂਗਰਸ ਨੇ ਹਮੇਸ਼ਾ ਡਾ. ਬਾਬਾ ਸਾਹਿਬ ਅੰਬੇਡਕਰ ਦਾ ਅਪਮਾਨ ਕੀਤਾ ਹੈ, ਅਸੀਂ ਉਨ੍ਹਾਂ ਦਾ ਸਨਮਾਨ ਕੀਤਾ ਹੈ।’’ ਦੇਸ਼ ਦੇ ਚੋਟੀ ਦੇ ਸੰਵਿਧਾਨਕ ਅਹੁਦੇ ਲਈ ਦ੍ਰੌਪਦੀ ਮੁਰਮੂ ਦੀ ਚੋਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਡਾ. ਬਾਬਾ ਸਾਹਿਬ ਅੰਬੇਡਕਰ ਵਲੋਂ ਦਿਤੇ ਗਏ ਸੰਵਿਧਾਨ ਕਾਰਨ ਇਕ ਆਦਿਵਾਸੀ ਔਰਤ ਭਾਰਤ ਦੀ ਰਾਸ਼ਟਰਪਤੀ ਬਣੀ।
ਉਨ੍ਹਾਂ ਇਹ ਵੀ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਗੱਠਜੋੜ ‘ਇੰਡੀਆ’ ਦੇ ਇਕ ਹਿੱਸੇ ਨੇ ਅਪਣੇ ਚੋਣ ਐਲਾਨਨਾਮੇ ਵਿਚ ਪ੍ਰਮਾਣੂ ਹਥਿਆਰਾਂ ਨੂੰ ਪੂਰੀ ਤਰ੍ਹਾਂ ਖਤਮ ਕਰਨ ਦਾ ਵਾਅਦਾ ਕੀਤਾ ਹੈ। ਮੋਦੀ ਨੇ ਕਿਹਾ ਕਿ ਅਪਣੇ ਦੇਸ਼ ਦੀ ਰੱਖਿਆ ਲਈ ਸਾਡੇ ਕੋਲ ਪ੍ਰਮਾਣੂ ਹਥਿਆਰ ਹੋਣੇ ਚਾਹੀਦੇ ਹਨ, ਜੋ ਇਸ ਤੋਂ ਉਲਟ ਗੱਲ ਕਰ ਰਹੇ ਹਨ, ਭਾਰਤ ਦੀ ਰੱਖਿਆ ਨਹੀਂ ਕਰ ਸਕਦੇ।
ਮਾਇਆਵਤੀ ਨੇ ਭਾਜਪਾ ’ਤੇ ਬਾਬਾ ਸਾਹਿਬ ਨੂੰ ਦਿਖਾਵਟੀ ਸਨਮਾਨ ਦੇਣ ਦਾ ਦੋਸ਼ ਲਾਇਆ
ਲਖਨਊ: ਬਹੁਜਨ ਸਮਾਜ ਪਾਰਟੀ (ਬਸਪਾ) ਦੀ ਮੁਖੀ ਮਾਇਆਵਤੀ ਨੇ ਐਤਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ’ਤੇ ਅਸਿੱਧੇ ਤੌਰ ’ਤੇ ਹਮਲਾ ਬੋਲਦਿਆਂ ਉਸ ’ਤੇ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਨੂੰ ਦਿਖਾਵਟੀ ਸਨਮਾਨ ਦੇਣ ਦਾ ਦੋਸ਼ ਲਾਇਆ।
ਉਨ੍ਹਾਂ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਡਾ. ਭੀਮਰਾਉ ਅੰਬੇਡਕਰ ਦੀ ਜੈਯੰਤੀ ’ਤੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਕਿਸੇ ਪਾਰਟੀ ਦਾ ਨਾਂ ਲਏ ਬਗ਼ੈਰ ਮਾਇਆਵਤੀ ਨੇ ਕਿਹਾ, ‘‘ਤੰਗ ਚੋਣ ਸੁਆਰਥ ਲਈ ਬਾਬਾ ਸਾਹੇਬ ਦਾ ਜਿੰਨਾ ਦਿਖਾਵਟੀ ਸਨਮਾਨ ਓਨਾ ਹੀ ਜ਼ਿਆਦਾ ਉਨ੍ਹਾਂ ਨੂੰ ਮੰਨਣ ਵਾਲਿਆਂ ਦੀ ਅਣਦੇਖੀ ਅਤੇ ਤਿਰਸਕਾਰ ਜਾਤੀਵਾਦੀ ਪਾਰਟੀਆਂ ਅਤੇ ਉਨ੍ਹਾਂ ਦੀਆਂ ਸਰਕਾਰਾਂ ਦੀ ਮੂੰਹ ’ਚ ਰਾਮ-ਰਾਮ ਬਗਲ ’ਚ ਛੁਤਰੀ ਦੀ ਕਹਾਵਤ ਨੂੰ ਦਰਸਾਉਂਦਾ ਹੈ। ਇਹ ਅੱਜ ਵੀ ਜਾਰੀ ਹੈ ਅਤੇ ਇਸ ਧੋਖੇ ਤੋਂ ਸਾਵਧਾਨ ਰਹਿਣ ਦੀ ਬਹੁਤ ਜ਼ਰੂਰਤ ਹੈ।’’
ਕਾਂਗਰਸ ’ਤੇ ਹਮਲਾ ਕਰਦਿਆਂ ਮਾਇਆਵਤੀ ਨੇ ਕਿਹਾ, ‘‘ਕਾਂਗਰਸ ਦਾ ਗਰੀਬੀ ਹਟਾਉ ਦਾ ਨਾਅਰਾ ਸਹੀ ਇਰਾਦੇ ਅਤੇ ਨੀਤੀ ਦੀ ਅਣਹੋਂਦ ’ਚ ਸਿਰਫ ਚੋਣ ਨਾਅਰੇ ਦੇ ਰੂਪ ’ਚ ਪੂਰੀ ਤਰ੍ਹਾਂ ਅਸਫਲ ਰਿਹਾ ਅਤੇ ਹੁਣ ਭਾਜਪਾ ਸਰਕਾਰ ’ਚ ਵੀ ਬਹੁਜਨਾਂ ਦੀ ਉਹੀ ਮਾੜੀ ਹਾਲਤ ਹੋ ਰਹੀ ਹੈ ਕਿਉਂਕਿ ਅਸਮਾਨ ਛੂਹ ਰਹੀ ਮਹਿੰਗਾਈ, ਗਰੀਬੀ, ਬੇਰੁਜ਼ਗਾਰੀ ਅਤੇ ਪਿਛੜੇਪਣ ਦਾ ਸਰਾਪ ਲੋਕਾਂ ਦੀ ਜ਼ਿੰਦਗੀ ਨੂੰ ਬਦਤਰ ਬਣਾ ਰਿਹਾ ਹੈ।’’
ਸਾਬਕਾ ਮੁੱਖ ਮੰਤਰੀ ਨੇ ਕਿਹਾ, ‘‘ਇਸ ਲਈ ਇਹ ਲੋਕ ਸਭਾ ਚੋਣਾਂ ਸਹੀ ਸਮਾਂ ਹੈ ਜਦੋਂ ਵੋਟਰ ਦੇਸ਼ ਅਤੇ ਲੋਕਾਂ ਦੇ ਹਿੱਤ ’ਚ ਇਨ੍ਹਾਂ ਮਹੱਤਵਪੂਰਨ ਗੱਲਾਂ ਨੂੰ ਧਿਆਨ ’ਚ ਰਖਦੇ ਹੋਏ ਅਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ ਤਾਂ ਜੋ ਦੇਸ਼ ’ਚ ਸਹੀ ਸੰਵਿਧਾਨਕ ਸੋਚ ਵਾਲੀ ਬਹੁਜਨ ਪੱਖੀ ਸਰਕਾਰ ਬਣਾਈ ਜਾ ਸਕੇ, ਇਹ ਬਾਬਾ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।’’