
ਦਲੀਲ ਦਿਤੀ ਕਿ ਇਹ ਤਬਦੀਲੀ ਭਾਸ਼ਾਈ ਵੰਨ-ਸੁਵੰਨਤਾ ਨੂੰ ਸੁਰੱਖਿਅਤ ਰੱਖਣ ਅਤੇ ਖੇਤਰੀ ਸਭਿਆਚਾਰਕ ਖੁਦਮੁਖਤਿਆਰੀ ਨੂੰ ਤਰਜੀਹ ਦੇਣ ਦੀ ਕੇਰਲ ਦੀ ਵਚਨਬੱਧਤਾ ਦੇ ਉਲਟ ਹੈ
ਤਿਰੂਵਨੰਤਪੁਰਮ : ਕੇਰਲ ਦੇ ਆਮ ਸਿੱਖਿਆ ਮੰਤਰੀ ਵੀ. ਸਿਵਾਨਕੁੱਟੀ ਨੇ ਅੰਗਰੇਜ਼ੀ ਵਿਸ਼ੇ ਦੀਆਂ ਪਾਠ ਪੁਸਤਕਾਂ ਲਈ ਹਿੰਦੀ ਨਾਵਾਂ ਦੀ ਵਰਤੋਂ ਕਰਨ ਦੇ ਕੌਕੀ ਸਿੱਖਿਆ ਖੋਜ ਅਤੇ ਸਿਖਲਾਈ ਕੌਂਸਲ (ਐੱਨ.ਸੀ.ਈ.ਆਰ.ਟੀ.) ਦੇ ਫੈਸਲੇ ਦੀ ਆਲੋਚਨਾ ਕਰਦਿਆਂ ਇਸ ਨੂੰ ਗੰਭੀਰ ਤਰਕਹੀਣਤਾ ਅਤੇ ਸਭਿਆਚਾਰਕ ਥੋਪਣ ਵਾਲਾ ਕਰਾਰ ਦਿਤਾ ਜੋ ਭਾਰਤ ਦੀ ਭਾਸ਼ਾਈ ਵੰਨ-ਸੁਵੰਨਤਾ ਨੂੰ ਕਮਜ਼ੋਰ ਕਰਦਾ ਹੈ।
ਉਨ੍ਹਾਂ ਦਲੀਲ ਦਿਤੀ ਕਿ ਲੰਮੇ ਸਮੇਂ ਤੋਂ ਚੱਲ ਰਹੇ ਅੰਗਰੇਜ਼ੀ ਸਿਰਲੇਖਾਂ, ਜੋ ਵਿਦਿਆਰਥੀਆਂ ’ਚ ਸੰਵੇਦਨਸ਼ੀਲਤਾ ਅਤੇ ਸਮਝ ਨੂੰ ਉਤਸ਼ਾਹਤ ਕਰਦੇ ਹਨ, ਦੀ ਥਾਂ ‘ਮ੍ਰਿਦੰਗਮ’ ਅਤੇ ‘ਸੰਤੂਰ’ ਵਰਗੇ ਹਿੰਦੀ ਨਾਂ ਲਗਾਉਣਾ ਗ਼ਲਤ ਹੈ। ਉਨ੍ਹਾਂ ਦਲੀਲ ਦਿਤੀ ਕਿ ਇਹ ਤਬਦੀਲੀ ਭਾਸ਼ਾਈ ਵੰਨ-ਸੁਵੰਨਤਾ ਨੂੰ ਸੁਰੱਖਿਅਤ ਰੱਖਣ ਅਤੇ ਖੇਤਰੀ ਸਭਿਆਚਾਰਕ ਖੁਦਮੁਖਤਿਆਰੀ ਨੂੰ ਤਰਜੀਹ ਦੇਣ ਦੀ ਕੇਰਲ ਦੀ ਵਚਨਬੱਧਤਾ ਦੇ ਉਲਟ ਹੈ। ਮੰਤਰੀ ਨੇ ਅੱਗੇ ਕਿਹਾ ਕਿ ਐੱਨ.ਸੀ.ਈ.ਆਰ.ਟੀ. ਦਾ ਫੈਸਲਾ ਸੰਘੀ ਸਿਧਾਂਤਾਂ ਅਤੇ ਸੰਵਿਧਾਨਕ ਕਦਰਾਂ-ਕੀਮਤਾਂ ਨੂੰ ਕਮਜ਼ੋਰ ਕਰਦਾ ਹੈ।
ਉਨ੍ਹਾਂ ਕਿਹਾ, ‘‘ਪਾਠ ਪੁਸਤਕ ਦੇ ਸਿਰਲੇਖ ਸਿਰਫ ਲੇਬਲ ਨਹੀਂ ਹੁੰਦੇ; ਉਹ ਵਿਦਿਆਰਥੀਆਂ ਦੀਆਂ ਧਾਰਨਾਵਾਂ ਅਤੇ ਕਲਪਨਾ ਨੂੰ ਆਕਾਰ ਦਿੰਦੇ ਹਨ। ਇਸ ਲਈ ਅੰਗਰੇਜ਼ੀ ਮਾਧਿਅਮ ਦੇ ਵਿਦਿਆਰਥੀਆਂ ਦੀਆਂ ਪਾਠ ਪੁਸਤਕਾਂ ’ਚ ਅੰਗਰੇਜ਼ੀ ਦੇ ਸਿਰਲੇਖ ਹੋਣੇ ਚਾਹੀਦੇ ਹਨ।’’ ਉਨ੍ਹਾਂ ਐੱਨ.ਸੀ.ਈ.ਆਰ.ਟੀ. ਨੂੰ ਇਸ ਫੈਸਲੇ ਦੀ ਸਮੀਖਿਆ ਕਰਨ ਅਤੇ ਵਾਪਸ ਲੈਣ ਦਾ ਸੱਦਾ ਦਿਤਾ ਅਤੇ ਸਾਰੇ ਸੂਬਿਆਂ ਨੂੰ ਅਜਿਹੀਆਂ ਪਾਬੰਦੀਆਂ ਵਿਰੁਧ ਇਕਜੁੱਟ ਹੋਣ ਦੀ ਅਪੀਲ ਕੀਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਿੱਖਿਆ ਸਸ਼ਕਤੀਕਰਨ ਅਤੇ ਸਹਿਮਤੀ ਦਾ ਸਾਧਨ ਹੋਣਾ ਚਾਹੀਦਾ ਹੈ, ਨਾ ਕਿ ਥੋਪਣ ਦਾ ਸਾਧਨ।