ਬਰਫ਼ਬਾਰੀ ਕਾਰਨ ਬਚਾਅ ਟੀਮਾਂ ਕੱਲ੍ਹ ਮੌਕੇ 'ਤੇ ਨਹੀਂ ਪਹੁੰਚ ਸਕੀਆਂ
Nepal 7 climbers die News: ਨੇਪਾਲ ਵਿਚ ਬਰਫ਼ ਖਿਸਕਣ ਕਾਰਨ ਮਾਰੇ ਗਏ 7 ਪਰਬਤਾਰੋਹੀਆਂ ਦੀਆਂ ਲਾਸ਼ਾਂ ਨੂੰ ਬਰਾਮਦ ਕਰਨ ਲਈ ਬਚਾਅ ਟੀਮਾਂ ਮੰਗਲਵਾਰ ਨੂੰ ਇਕ ਪਹਾੜ ’ਤੇ ਖੋਜ ਮੁਹਿੰਮ ਵਿਚ ਲੱਗੀਆਂ ਹੋਈਆਂ ਹਨ। ਅਧਿਕਾਰੀਆਂ ਮੁਤਾਬਕ ਸੋਮਵਾਰ ਸਵੇਰੇ 4,900 ਮੀਟਰ (16,070 ਫੁੱਟ) ਦੀ ਉਚਾਈ ’ਤੇ ਮਾਊਂਟ ਯਾਲੁੰਗ ਰੀ ਦੇ ਬੇਸ ਕੈਂਪ ’ਤੇ ਬਰਫ਼ ਖਿਸਕ ਗਈ।
ਬਰਫ਼ਬਾਰੀ ਕਾਰਨ ਬਚਾਅ ਟੀਮਾਂ ਕੱਲ੍ਹ ਮੌਕੇ ’ਤੇ ਨਹੀਂ ਪਹੁੰਚ ਸਕੀਆਂ। ਮੌਸਮ ਵਿਚ ਸੁਧਾਰ ਹੋਣ ਤੋਂ ਬਾਅਦ, ਮੰਗਲਵਾਰ ਨੂੰ ਇਕ ਹੈਲੀਕਾਪਟਰ ਬੇਸ ਕੈਂਪ ਪਹੁੰਚਿਆ, ਅਤੇ ਬਚਾਅ ਕਰਮਚਾਰੀ ਬਰਫ ਵਿਚੋਂ ਲੰਘਣ ਦੇ ਯੋਗ ਹੋ ਗਏ। ਦੋਲਖਾ ਜ਼ਿਲ੍ਹਾ ਪੁਲਸ ਮੁਖੀ ਗਿਆਨ ਕੁਮਾਰ ਮਹਾਤੋ ਨੇ ਕਿਹਾ ਕਿ ਬਰਫੀਲੇ ਤੂਫਾਨ ਵਿਚ ਜ਼ਖ਼ਮੀ ਹੋਏ 4 ਪਰਬਤਾਰੋਹੀਆਂ ਨੂੰ ਹੈਲੀਕਾਪਟਰ ਰਾਹੀਂ ਬਚਾਇਆ ਗਿਆ ਅਤੇ ਇਲਾਜ ਲਈ ਰਾਜਧਾਨੀ ਕਾਠਮੰਡੂ ਲਿਜਾਇਆ ਗਿਆ।
ਮਾਰੇ ਗਏ ਲੋਕਾਂ ਵਿਚ 2 ਨੇਪਾਲੀ ਪਰਬਤਾਰੋਹੀ ਗਾਈਡ ਵੀ ਸਾਮਲ ਹਨ, ਪਰ ਬਾਕੀ 5 ਦੀ ਪਛਾਣ ਤੁਰੰਤ ਸਪੱਸਟ ਨਹੀਂ ਹੋ ਸਕੀ। ਮਹਾਤੋ ਨੇ ਕਿਹਾ ਕਿ ਉਨ੍ਹਾਂ ਵਿਚੋਂ ਇਕ ਸੰਭਾਵਤ ਤੌਰ ’ਤੇ ਫਰਾਂਸੀਸੀ ਨਾਗਰਿਕ ਹੈ। 5,600 ਮੀਟਰ (18,370 ਫੁੱਟ) ਉੱਚੀ ਚੋਟੀ ਮਾਊਂਟ ਯਾਲੁੰਗ ਰੀ ਨੂੰ ਨਵੇਂ ਪਰਬਤਾਰੋਹੀਆਂ ਲਈ ਢੁਕਵਾਂ ਮੰਨਿਆ ਜਾਂਦਾ ਹੈ। (ਏਜੰਸੀ)
